ਮੁਕੇਸ਼ ਕੁਮਾਰ
ਚੰਡੀਗੜ੍ਹ, 16 ਜੁਲਾਈ
ਚੰਡੀਗੜ੍ਹ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਵੱਲੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਇੱਥੇ ਸੈਕਟਰ-43 ਸਥਿਤ ਇੱਕ ਹੋਟਲ ਵਿਚ ਕੀਤੇ ਸਮਾਗਮ ਦੌਰਾਨ ਸਨਮਾਨਿਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਕਮਲ ਗੁਪਤਾ ਨੇ ਇਸ ਮੌਕੇ ਸੰਸਦ ਮੈਂਬਰ ਸ੍ਰੀ ਤਿਵਾੜੀ ਨੂੰ ਪ੍ਰਸ਼ਾਸਨ ਵਲੋਂ ਸ਼ਹਿਰ ਵਿੱਚ ਸ਼ੇਅਰਵਾਈਜ਼ ਪ੍ਰਾਪਰਟੀ ਦੀ ਰਜਿਸਟਰੀ ’ਤੇ ਪਾਬੰਦੀ ਲਗਾਏ ਜਾਣ ਬਾਰੇ ਜਾਣੂ ਕਰਵਾਇਆ। ਇਸ ਦੇ ਨਾਲ ਪ੍ਰਾਪਰਟੀ ਡੀਲਰਾਂ ਨੇ ਸੰਸਦ ਮੈਂਬਰ ਨੂੰ ਜੀਪੀਏ ਦੀ ਵਿਵਸਥਾ, ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਖੂਨ ਦੇ ਰਿਸ਼ਤੇ ਵਿੱਚ ਦਿੱਤੀ ਜਾਣ ਵਾਲੇ ਜੀਪੀਏ ’ਤੇ ਲਾਈ ਜਾ ਰਹੀ ਤਿੰਨ ਫ਼ੀਸਦੀ ਡਿਊਟੀ ਅਤੇ ਹੋਰ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਪ੍ਰਾਪਰਟੀ ਡੀਲਰਾਂ ਨੇ ਹਾਲ ਵਿੱਚ ਹੀ ਸ਼ਹਿਰ ਵਿੱਚ ਵਪਾਰਕ ਅਤੇ ਉਦਯੋਗਿਕ ਲੀਜ਼ਹੋਲਡ ਪ੍ਰਾਪਰਟੀ ਨੂੰ ਫਰੀ ਹੋਲਡ ਦੇ ਨਾ ਕਰਨ ਬਾਰੇ ਤਾਜ਼ਾ ਹੁਕਮਾਂ ਦਾ ਵਿਰੋਧ ਕੀਤਾ। ਸੰਸਦ ਮੈਂਬਰ ਤਿਵਾੜੀ ਨੇ ਇਸ ਫਰੀ ਹੋਲਡ ਦੇ ਮੁੱਦੇ ਦੀ ਪੜਤਾਲ ਤੋਂ ਬਾਅਦ ਅਗਲੇਰੀ ਕਾਰਵਾਈ ਦਾ ਭਰੋਸਾ ਦਿੱਤਾ। ਸ੍ਰੀ ਤਿਵਾੜੀ ਨੇ ਜਥੇਬੰਦੀ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸ਼ਹਿਰ ਦੀਆਂ ਭਖਦੀਆਂ ਸਮੱਸਿਆਵਾਂ ਦਾ ਹਰ ਤਰ੍ਹਾਂ ਨਾਲ ਹੱਲ ਜ਼ਰੂਰ ਕੱਢਣਗੇ। ਇਨ੍ਹਾਂ ਮੁੱਦਿਆਂ ਸਣੇ ਸ਼ਹਿਰ ਦੀਆਂ ਹੋਰ ਸਮੱਸਿਆਵਾਂ ਨੂੰ ਅਗਾਮੀ ਸੈਸ਼ਨ ਵਿੱਚ ਚੁੱਕਿਆ ਜਾਵੇਗਾ।
ਸਮਾਗਮ ਦੌਰਾਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਤਿੰਦਰ ਸਿੰਘ, ਚੇਅਰਮੈਨ ਤਰਲੋਚਨ ਬਿੱਟੂ, ਵਾਈਸ ਚੇਅਰਮੈਨ ਵਿਕਰਮ ਚੋਪੜਾ, ਚੀਫ ਪੈਟਰਨ ਸੁਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਹੋਰ ਮੈਂਬਰ ਵੀ ਹਾਜ਼ਰ ਹਾਜ਼ਰ ਸਨ