ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 16 ਜੁਲਾਈ
ਅੰਬਾਲਾ-ਕਾਲਕਾ ਰੇਲਵੇ ਲਾਈਨ ’ਤੇ ਪੈਂਦੇ ਢਕੋਲੀ ਫਾਟਕ ’ਤੇ ਅੰਡਰਪਾਸ ਬਣਾਉਣ ਦੀ ਸਥਾਨਕ ਲੋਕਾਂ ਦੀ ਚਿਰਾਂ ਦੀ ਮੰਗ ਨੂੰ ਰੇਲਵੇ ਵਿਭਾਗ ਵੱਲੋਂ ਮਨਜ਼ੂਰ ਕਰ ਲਿਆ ਹੈ। ਰੇਲਵੇ ਵਿਭਾਗ ਨੇ ਨਗਰ ਕੌਂਸਲ ਨੂੰ ਪੱਤਰ ਲਿਖ ਕੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਪ੍ਰਾਜੈਕਟ ’ਤੇ 11,70,28,000 ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਪ੍ਰਾਜੈਕਟ ਨੂੰ ਸ਼ੇਅਰ ਬੇਸਿਸ ’ਤੇ ਉਸਾਰਿਆ ਜਾਵੇਗਾ। ਇਸ ਵਿੱਚ ਅੱਧਾ ਹਿੱਸਾ ਪੰਜ ਕਰੋੜ 85 ਲੱਖ 14 ਹਜ਼ਾਰ ਰੁਪਏ ਰੇਲਵੇ ਵਿਭਾਗ ਖ਼ਰਚ ਕਰੇਗਾ ਅਤੇ ਅੱਧਾ ਹਿੱਸਾ ਸੂਬਾ ਸਰਕਾਰ ਖ਼ਰਚ ਕਰੇਗੀ। ਵਿਭਾਗ ਵੱਲੋਂ ਆਪਣੇ ਪੱਤਰ ਵਿੱਚ ਨਗਰ ਕੌਂਸਲ ਨੂੰ ਸੂਬਾ ਸਰਕਾਰ ਦਾ ਬਣਦਾ ਅੱਧਾ ਹਿੱਸਾ ਪੰਜ ਕਰੋੜ 85 ਲੱਖ 14 ਹਜ਼ਾਰ ਰੁਪਏ ਸੀਨੀਅਰ ਡਿਵੀਜ਼ਨਲ ਫਾਇਨਾਂਸ ਮੈਨੇਜਰ ਉੱਤਰ ਰੇਲਵੇ ਅੰਬਾਲਾ ਕੈਂਟ ਕੋਲ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।