ਹੈਦਰਾਬਾਦ, 17 ਜੁਲਾਈ
ਸ਼ਹਿਰ ਦੇ ਜਵਾਹਰ ਨਗਰ ਵਿੱਚ ਲਾਵਾਰਿਸ ਕੁੱਤਿਆਂ ਦੇ ਇਕ ਝੁੰਡ ਵੱਲੋਂ ਕਥਿਤ ਤੌਰ ’ਤੇ ਕੱਟੇ ਜਾਣ ਕਾਰਨ 18 ਮਹੀਨਿਆਂ ਦੇ ਇਕ ਬੱਚੇ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਮੁਤਾਬਕ ਮੰਗਲਵਾਰ ਰਾਤ ਨੂੰ ਬੱਚਾ ਆਪਣੇ ਘਰ ਤੋਂ ਬਾਹਰ ਨਿਕਲਿਆ ਤਾਂ ਇਕ ਕੁੱਤਾ ਉਸ ਨੂੰ ਕੁਝ ਦੂਰ ਤੱਕ ਘੜੀਸ ਕੇ ਲੈ ਗਿਆ। ਬਾਅਦ ਵਿੱਚ ਕੁਝ ਲਾਵਾਰਿਸ ਕੁੱਤੇ ਉਸ ’ਤੇ ਝਪਟ ਪਏ ਅਤੇ ਉਸ ਨੂੰ ਬੁਰੀ ਤਰ੍ਹਾਂ ਕੱਟਿਆ ਜਿਸ ਕਾਰਨ ਬੱਚਾ ਜ਼ਖ਼ਮੀ ਹੋ ਗਿਆ। ਜਵਾਹਰ ਨਗਰ ਥਾਣੇ ਦੇ ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੱਚੇ ਨੂੰ ਪਹਿਲਾਂ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਉੱਥੋਂ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਦੇਰ ਰਾਤ ਬੱਚੇ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੀੜਤ ਪਰਿਵਾਰ ਸਿੱਧੀਪੇਟ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਦੋ ਮਹੀਨੇ ਪਹਿਲਾਂ ਹੀ ਜਵਾਹਰ ਨਗਰ ਆ ਕੇ ਰਹਿਣ ਲੱਗਾ ਸੀ। -ਪੀਟੀਆਈ