ਦੁਬਈ/ਮਸਕਟ, 17 ਜੁਲਾਈ
ਓਮਾਨ ਦੀ ਰਾਜਧਾਨੀ ਮਸਕਟ ’ਚ ਇੱਕ ਸ਼ੀਆ ਮਸਜਿਦ ਨੇੜੇ ਇਸਲਾਮੀ ਸਟੇਟ ਅਤਿਵਾਦੀ ਸਮੂਹ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਮਾਰੇ ਗਏ ਛੇ ਵਿਅਕਤੀਆਂ ’ਚ ਇੱਕ ਭਾਰਤੀ ਨਾਗਰਿਕ ਵੀ ਸ਼ਾਮਲ ਹੈ। ਇਮਾਮ ਅਲੀ ਮਸਜਿਦ ਨੇੜੇ ਸੋਮਵਾਰ ਰਾਤ ਨੂੰ ਹੋਈ ਗੋਲੀਬਾਰੀ ’ਚ ਇੱਕ ਪੁਲੀਸ ਮੁਲਾਜ਼ਮ ਤੇ ਚਾਰ ਪਾਕਿਸਤਾਨੀ ਨਾਗਰਿਕਾਂ ਦੀ ਜਾਨ ਚਲੀ ਗਈ ਜਦਕਿ 28 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਮਸਕਟ ’ਚ ਭਾਰਤੀ ਸਫ਼ਾਰਤਖ਼ਾਨੇ ਨੇ ਬੀਤੇ ਦਿਨ ਐਕਸ ’ਤੇ ਪਾਈ ਪੋਸਟ ’ਚ ਕਿਹਾ, ‘ਦੂਤਾਵਾਸ ਪੀੜਤ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਾ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।’ ਇੱਕ ਬਿਆਨ ਅਨੁਸਾਰ ਸੋਮਵਾਰ ਦੀ ਰਾਤ ਨੂੰ ਅਲ-ਵਾਦੀ ਅਲ-ਕਬੀਰ ਇਲਾਕੇ ’ਚ ਵਾਪਰੀ ਇਸ ਘਟਨਾ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਹਮਲਾਵਰ ਮਾਰ ਮੁਕਾਏ ਸਨ। -ਪੀਟੀਆਈ