ਨਵੀਂ ਦਿੱਲੀ, 17 ਜੁਲਾਈ
ਸਾਬਕਾ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਸ਼ਿਵਸ਼ੰਕਰ ਮੈਨਨ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵੱਲੋਂ ਹਾਲ ਹੀ ਵਿਚ ਲਿਆਂਦੇ ‘ਰਿਜ਼ੌਲਵ ਤਿੱਬਤ ਐਕਟ’ ਪਿਛਲਾ ਅਸਲ ਮੰਤਵ ਤਿੱਬਤ ਨੂੰ ਲੈ ਕੇ ਉਸ ਦੀ ਫ਼ਿਕਰਮੰਦੀ ਨਹੀਂ ਬਲਕਿ ਚੀਨ ਨਾਲ ਜਾਰੀ ਸ਼ਰੀਕੇਬਾਜ਼ੀ ਹੈ। ਸਾਬਕਾ ਡਿਪਲੋਮੈਟ ਦਿਲੀਪ ਸਿਨਹਾ ਦੀ ਕਿਤਾਬ ‘ਇੰਮਪੀਰੀਅਲ ਗੇਮਜ਼ ਇਨ ਤਿੱਬਤ: ਦਿ ਸਟ੍ਰਗਲ ਫਾਰ ਸਟੇਟਹੁੱਡ ਐਂਡ ਸੌਵਰੈਨਿਟੀ’ ਦੀ ਲਾਂਚ ਮੌਕੇ ਲੰਘੇ ਦਿਨ ਮੈਨਨ ਨੇ ਤਰਕ ਦਿੱਤਾ ਤਿੱਬਤ ਪ੍ਰਤੀ ਅਮਰੀਕਾ ਦੀ ਪ੍ਰਤੀਬੱਧਤਾ ਦੀਆਂ ‘ਸਪਸ਼ਟ ਹੱਦਾਂ’ ਹਨ ਅਤੇ ਉਹ ਅੱਜ ਆਪਣੇ ਹਿੱਤ ਵਿਚ ਤਿੱਬਤ ਦਾ ਝੰਡਾ ਲਹਿਰਾ ਰਹੇ ਹਨ।
ਮੈਨਨ ਨੇ ਕਿਹਾ, ‘‘ਮੈਂ ਇਥੇ ਇਹ ਕਹਿਣ ਵਿਚ ਬਹੁਤ ਚੌਕਸੀ ਵਰਤਾਂਗਾ ਕਿ ‘ਕੁੱੱਲ ਆਲਮ ਬਦਲ ਗਿਆ ਹੈ ਕਿਉਂਕਿ ਉਨ੍ਹਾਂ (ਅਮਰੀਕਾ) ਨੇ ਇਕ ਕਾਨੂੰਨ ਪਾਸ ਕੀਤਾ ਹੈ।’ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸ਼ਕਤੀਆਂ ਦੇ ‘ਆਪਸੀ-ਸਬੰਧ ਤੇ ਸ਼ਕਤੀਆਂ ਦੇ ਤਵਾਜ਼ਨ, ਲੋਕਾਂ ਦੀ ਅਸਲ ਤਾਕਤ ਤੇ ਮਹਾਸ਼ਕਤੀਆਂ ਦੇ ਹਿੱਤ ਵਿਚ ਕੀ ਹੈ ਤੇ ਉਹ ਇਸ ਵੇਲੇ ਇਸ ਨੂੰ ਕਿਵੇਂ ਦੇਖਦੇ ਹਨ, ਇਸ ’ਤੇ ਗੌਰ ਕਰਨ ਦੀ ਲੋੜ ਹੈ।’’ ਸਾਲ 2006-09 ਤੱਕ ਵਿਦੇਸ਼ ਸਕੱਤਰ ਰਹੇ ਮੈਨਨ ਨੇ ਕਿਹਾ, ‘‘ਅਮਰੀਕੀ ਅੱਜ ਤਿੱਬਤ ਦਾ ਝੰਡਾ ਲਹਿਰਾਉਣ ਨੂੰ ਆਪਣਾ ਹਿੱਤ ਮੰਨਦੇ ਹਨ, ਪਰ ਉਹ ਤਿੱਬਤ ਨੂੰ ਮਾਨਤਾ ਪਛਾਣ ਦੇਣ ਦੇ ਦਾਇਰੇ ਤੱਕ ਨਹੀਂ ਜਾਣਾ ਚਾਹੁੰਦੇ… ਇਹ ਤਿੱਬਤ ਲਈ ਫ਼ਿਕਰਮੰਦੀ ਤੋਂ ਪ੍ਰੇਰਿਤ ਨਹੀਂ ਹੈ ਬਲਕਿ ਇਸ ਦਾ ਮੁੱਖ ਕਾਰਨ ਚੀਨ ਨਾਲ ਸ਼ਰੀਕੇਬਾਜ਼ੀ ਹੈ।’’ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਹਾਲ ਹੀ ਵਿਚ ਸਬੰਧਤ ਬਿੱਲ ’ਤੇ ਸਹੀ ਪਾਉਣ ਨਾਲ ਇਹ ਕਾਨੂੰਨ ਬਣ ਗਿਆ ਹੈ, ਜੋ ਤਿੱਬਤ ਲਈ ਅਮਰੀਕੀ ਹਮਾਇਤ ਨੂੰ ਵਧਾਉਂਦਾ ਹੈ ਤੇ ਹਿਮਾਲਿਆਈ ਖੇਤਰ ਦੀ ਸਥਿਤੀ ਤੇ ਸ਼ਾਸਨ ਨੂੰ ਲੈ ਕੇ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਚੀਨ ਤੇ ਦਲਾਈ ਲਾਮਾ ਵਿਚਾਲੇ ਸੰਵਾਦ ਨੂੰ ਹੱਲਾਸ਼ੇਰੀ ਦਿੰਦਾ ਹੈ। ਦੂਜੇ ਪਾਸੇ ਚੀਨ ਨੇ ‘ਰਿਜ਼ੌਲਵ ਤਿੱਬਤ ਐਕਟ’ ਦਾ ਵਿਰੋਧ ਕਰਦੇ ਹੋਏ ਇਸ ਨੂੰ ‘ਅਸਥਿਰਤਾ’ ਪੈਦਾ ਕਰਨ ਵਾਲਾ ਕਾਨੂੰਨ ਦੱਸਿਆ ਸੀ। ਮੈਨਨ ਨੇ ਤਿੱਬਤੀ ਸਭਿਆਚਾਰ, ਤਹਿਜੀਬ ਤੇ ਪਛਾਣ ਨੂੰ ‘ਮਜ਼ਬੂਤ ਬਣਾਈ ਰੱਖਣ’ ਲਈ ਭਾਰਤ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤਿੱਬਤ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਮਹਾਸ਼ਕਤੀਆਂ ਦੀ ਸ਼ਰੀਕੇਬਾਜ਼ੀ ’ਤੇ ਮੁਨੱਸਰ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਆਰਮੇਨਿਆਈ ਲੋਕਾਂ ਵਾਂਗ ਤਿੱਬਤੀ ਵੀ ‘ਗੁੰਮਸ਼ੁਦਾ ਲੋਕ’ ਹੋ ਸਕਦੇ ਹਨ। -ਪੀਟੀਆਈ