ਫ਼ਤਹਿਗੜ੍ਹ ਸਾਹਿਬ:
ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਇਕੱਤਰਤਾ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਵਿੱਚ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਵਿੱਚ ਹੋਈ। ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਢਿੱਲੋਂ ਅਤੇ ਸੂਫ਼ੀ ਸ਼ਾਇਰ ਲਛਮਣ ਸਿੰਘ ਤਰੌੜਾ ਮੰਚ ’ਤੇ ਸ਼ੁਸ਼ੋਭਿਤ ਰਹੇ। ਮੰਚ ਸੰਚਾਲਨ ਦੀ ਸੇਵਾ ਸਭਾ ਦੇ ਜਨਰਲ ਸਕੱਤਰ ਗੀਤਕਾਰ ਹਰਜਿੰਦਰ ਸਿੰਘ ਗੋਪਾਲੋਂ ਨੇ ਬਾਖੂਬੀ ਨਿਭਾਈ। ਇਸ ਮੌਕੇ ਸਭਾ ਦੇ ਸੇਵਾਦਾਰ ਸਵ. ਮੈਨੇਜਰ ਊਧਮ ਸਿੰਘ ਦੀਆਂ ਨਿਸ਼ਕਾਮ ਸੇਵਾਵਾਂ ਬਦਲੇ ਸ਼ਰਧਾਂਜਲੀ ਸਮਾਗਮ ਕਰਾਉਣ ਬਾਰੇ ਵਿਚਾਰਾਂ ਕੀਤੀਆਂ ਗਈਆਂ। ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ, ਹਰਜਿੰਦਰ ਸਿੰਘ ਗੋਪਾਲੋਂ ਅਤੇ ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਜ਼ਿਲ੍ਹਾ ਲਿਖਾਰੀ ਸਭਾ ਦੇ ਸੰਵਿਧਾਨ ਅਨੁਸਾਰ ਸਭਾ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਸਾਂਝੇ ਤੌਰ ’ਤੇ ਯਤਨ ਕੀਤੇ ਜਾਣ ਅਤੇ ਸਭਾ ਦਾ ਮਾਨ ਸਨਮਾਨ ਬਰਕਰਾਰ ਰੱਖਿਆ ਜਾਵੇ। ਇਸ ਮੌਕੇ ਆਏ ਕਵੀਆਂ ਪ੍ਰੋ. ਦੇਵ ਮਲਿਕ, ਪ੍ਰਿਤਪਾਲ ਸਿੰਘ ਭੜੀ, ਹਰਜਿੰਦਰ ਸਿੰਘ ਗੋਪਾਲੋਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। -ਨਿੱਜੀ ਪੱਤਰ ਪ੍ਰੇਰਕ