ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਜੁਲਾਈ
ਪੰਜਾਬ ਦੀ ਇਤਿਹਾਸਕ ਜਾਮਾ ਮਸਜਿਦ ਵਿੱਚ ਅੱਜ 10 ਮੁਹੱਰਮ ਯੌਮੇ ਆਸ਼ੂਰਾ ਦੇ ਮੌਕੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ਹੇਠ ਇੱਕ ਸਮਾਗਮ ਕੀਤਾ ਗਿਆ ਜਿਸ ਵਿੱਚ ਮੁਸਲਿਮ ਭਾਈਚਾਰੇ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਮੁਸਲਮਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਬਲਾ ਦੇ ਮੈਦਾਨ ਵਿੱਚ ਹਜ਼ਰਤ ਇਮਾਮ ਹੁਸੈਨ ਸ਼ਹੀਦ ਨੇ ਇਨਸਾਨੀਅਤ ਨੂੰ ਜ਼ਾਲਮਾਂ ਦੇ ਖਿਲਾਫ਼ ਹੱਕ ਦੀ ਆਵਾਜ਼ ਬੁਲੰਦ ਕਰਨ ਦਾ ਉਹ ਸਬਕ ਦਿੱਤਾ ਹੈ, ਜਿਸਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇਸ਼ ਵਿੱਚ ਆਪਸੀ ਭਾਈਚਾਰੇ ਅਤੇ ਅਮਨ ਸ਼ਾਂਤੀ ਲਈ ਦੁਆ ਵੀ ਕਰਵਾਈ। ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਾਰੀ ਮੋਹਤਰਮ ਸਾਹਿਬ ਨੇ ਪਵਿੱਤਰ ਕੁਰਾਨ ਸ਼ਰੀਫ਼ ਦੀ ਤਿਲਾਵਤ ਕੀਤੀ ਅਤੇ ਗੁਲਾਮ ਹਸਨ ਕੈਸਰ, ਹੱਸਾਨ ਨਸੀਰਾਵਾਦੀ ਨੇ ਆਪਣਾ ਨਾਤਿਆ ਕਲਾਮ ਪੇਸ਼ ਕੀਤਾ।