* ਗੰਭੀਰ ਜ਼ਖ਼ਮੀਆਂ ’ਚੋਂ ਇਕ ਜਵਾਨ ਊਧਮਪੁਰ ਦੇ ਕਮਾਂਡ ਹਸਪਤਾਲ ਭੇਜਿਆ
* ਡੋਡਾ ਵਿਚ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵਿੱਢਿਆ ਅਪਰੇਸ਼ਨ ਚੌਥੇ ਦਿਨ ’ਚ ਦਾਖ਼ਲ
ਜੰਮੂ, 18 ਜੁਲਾਈ
ਡੋਡਾ ਜ਼ਿਲ੍ਹੇ ਦੇ ਦੇਸਾ ਤੇ ਨਾਲ ਲੱਗਦੇ ਜੰਗਲੀ ਇਲਾਕੇ ਵਿਚ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਜਾਰੀ ਅਪਰੇਸ਼ਨ ਦੇ ਚੌਥੇ ਦਿਨ ਵਿਚ ਦਾਖ਼ਲ ਹੋਣ ਦਰਮਿਆਨ ਦਹਿਸ਼ਤਗਰਦਾਂ ਵੱਲੋਂ ਵੀਰਵਾਰ ਵੱਡੇ ਤੜਕੇ ਇਕ ਸਕੂਲ ਵਿਚ ਸੁਰੱਖਿਆ ਬਲਾਂ ਦੇ ਕੈਂਪ ’ਤੇ ਕੀਤੇ ਹਮਲੇ ਵਿਚ ਫੌਜ ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਇਕ ਘੰਟੇ ਤੋਂ ਵੱਧ ਸਮਾਂ ਚੱਲੀ ਦੁਵੱਲੀ ਗੋਲੀਬਾਰੀ ਦੀ ਘਟਨਾ ਵੀਰਵਾਰ ਵੱਡੇ ਤੜਕੇ 2 ਵਜੇ ਦੇ ਕਰੀਬ ਕਾਸਤੀਗੜ੍ਹ ਇਲਾਕੇ ਦੇ ਜਾਦਾਂ ਬਾਟਾ ਪਿੰਡ ਵਿਚ ਵਾਪਰੀ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ਵਿੱਢੀ ਤਲਾਸ਼ੀ ਮੁਹਿੰਮ ਦੌਰਾਨ ਸਰਕਾਰੀ ਸਕੂਲ ਵਿਚ ਸਥਾਈ ਸੁਰੱਖਿਆ ਕੈਂਪ ਸਥਾਪਿਤ ਕੀਤਾ ਗਿਆ ਸੀ ਜਦੋਂ ਦਹਿਸ਼ਤਗਰਦਾਂ ਨੇ ਇਸ ’ਤੇ ਹਮਲਾ ਕਰ ਦਿੱੱਤਾ। ਰੱਖਿਆ ਤਰਜਮਾਨ ਨੇ ਕਿਹਾ ਕਿ ਗੰਭੀਰ ਜ਼ਖ਼ਮੀ ਫੌਜੀਆਂ ਵਿਚੋਂ ਇਕ ਨੂੰ ਮੁਸ਼ਕਲ ਮੌਸਮੀ ਹਾਲਾਤ ਦੇ ਬਾਵਜੂਦ ਐਡਵਾਂਸਡ ਲਾਈਟ ਹੈਲੀਕਾਪਟਰ ਜ਼ਰੀਏ ਊਧਮਪੁਰ ਅਧਾਰਿਤ ਕਮਾਂਡ ਹਸਪਤਾਲ ਵਿਚ ਭੇਜਿਆ ਗਿਆ ਹੈ। ਇਸ ਦੌਰਾਨ ਇਕ ਵੱਖਰੀ ਘਟਨਾ ਵਿਚ ਮੂਹਰਲੀ ਸੁਰੱਖਿਆ ਚੌਕੀ ’ਤੇ ਤਾਇਨਾਤ ਸੁਰੱਖਿਆ ਬਲਾਂ ਨੇ ਬੁੱਧਵਾਰ ਦੇਰ ਰਾਤ ਨੂੰ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ ਵਿਚ ਕੰਟਰੋਲ ਰੇਖਾ ਦੇ ਨਾਲ ਸ਼ੱਕੀ ਨਕਲੋ-ਹਰਕਤ ਦੇਖਦਿਆਂ ਫਾਇਰਿੰਗ ਕੀਤੀ। -ਪੀਟੀਆਈ
ਕੁਪਵਾੜਾ ਵਿਚ ਘੁਸਪੈਠ ਦੀ ਕੋਸ਼ਿਸ਼ ਕਰਦੇ ਦੋ ਦਹਿਸ਼ਤਗਰਦ ਹਲਾਕ
ਸ੍ਰੀਨਗਰ: ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਨਾਲ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਦਿਆਂ ਦੋ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਚੌਕਸ ਸੁਰੱਖਿਆ ਬਲਾਂ ਨੇ ਉੱਤਰੀ ਕਸ਼ਮੀਰ ਦੇ ਕੇਰਨ ਸੈਕਟਰ ਵਿਚ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕੀਤੀ। ਉਨ੍ਹਾਂ ਕਿਹਾ ਕਿ ਦੁਵੱਲੀ ਗੋਲੀਬਾਰੀ ਦੌਰਾਨ ਦੋ ਦਹਿਸ਼ਤਗਰਦ ਮਾਰੇ ਗਏ ਤੇ ਫਿਲਹਾਲ ਅਪਰੇਸ਼ਨ ਜਾਰੀ ਹੈ। -ਪੀਟੀਆਈ