ਗੁਰਨਾਮ ਸਿੰਘ ਅਕੀਦਾ
ਪਟਿਆਲਾ, 18 ਜੁਲਾਈ
ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਸੰਸਦ ਵਿੱਚ ਚੁੱਕਣ ਅਤੇ ਮੰਗਾਂ ਮੰਨਣ ਲਈ ਪ੍ਰਧਾਨ ਮੰਤਰੀ ਦੇ ਨਾਮ ਸੰਸਦ ਮੈਂਬਰ ਡਾ. ਧਰਮਵੀਰ ਨੂੰ ਮੰਗ ਪੱਤਰ ਦਿੱਤਾ। ਇਸ ਦੌਰਾਨ ਕਿਸਾਨ ਆਗੂਆਂ ਨੇ ਡਾ. ਗਾਂਧੀ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਉਨ੍ਹਾਂ ਮੰਗਾਂ ਲੋਕ ਸਭਾ ਵਿੱਚ ਚੁੱਕੀਆਂ ਜਾਣ ਤਾਂ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਹਾਂਪੱਖੀ ਰਵੱਈਆ ਅਪਣਾਵੇ ਨਹੀਂ ਤਾਂ ਸਮਝ ਲਿਆ ਜਾਵੇਗਾ ਕਿ ਗੈਰ-ਭਾਜਪਾਈ ਸੰਸਦ ਮੈਂਬਰ ਵੀ ਕਿਸਾਨ ਵਿਰੋਧੀ ਹਨ। ਆਗੂਆਂ ਨੇ ਮੰਗ ਪੱਤਰ ਵਿਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੀ ਵਾਰ ਕਿਸਾਨ ਮੋਰਚੇ ਨਾਲ ਕਿਸਾਨੀ ਮੰਗਾਂ ’ਤੇ ਸਹਿਮਤੀ ਪ੍ਰਗਟਾਈ ਗਈ ਸੀ ਪਰ ਅਫ਼ਸੋਸ ਦੀ ਗੱਲ ਹੈ ਕਰੀਬ ਚਾਰ ਸਾਲ ਦਾ ਸਮਾਂ ਬੀਤ ਜਾਣ ’ਤੇ ਵੀ ਲਾਗੂ ਨਹੀਂ ਕੀਤੀਆਂ ਗਈਆਂ। ਇਨ੍ਹਾਂ ਮੰਗਾਂ ਵਿਚ ਮੁੱਖ ਤੌਰ ’ਤੇ ਸਾਰੀਆਂ ਫ਼ਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ, ਸਵਾਮੀਨਾਥਨ ਰਿਪੋਰਟ ਲਾਗੂ ਕਰਨਾ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ’ਤੇ ਲੀਕ ਮਾਰਨਾ, ਬਿਜਲੀ ਦਾ ਨਿੱਜੀਕਰਨ ਰੋਕ ਕੇ ਸਮਾਰਟ ਮੀਟਰ ਲਾਉਣੇ ਬੰਦ ਕਰਨੇ, ਖੇਤੀਬਾੜੀ ਵਸਤਾਂ ਅਤੇ ਮਸ਼ੀਨਰੀ ’ਤੇ ਜੀਐੱਸਟੀ ਬੰਦ ਕਰਕੇ ਸਬਸਿਡੀਆਂ ਜਾਰੀ ਰੱਖੀਆਂ ਜਾਣ, ਸਾਰੀਆਂ ਫ਼ਸਲਾਂ ਅਤੇ ਪਸ਼ੂ ਪਾਲਣ ਲਈ ਸਰਕਾਰੀ ਬੀਮਾ ਸਕੀਮ ਲਾਗੂ ਕਰਨਾ ਤੇ ਕਿਸਾਨਾਂ ਮਜ਼ਦੂਰਾਂ ਨੂੰ ਦਸ ਹਜ਼ਾਰ ਪੈਨਸ਼ਨ ਦੇਣਾ ਆਦਿ ਸ਼ਾਮਲ ਹਨ। ਇਸ ਮੌਕੇ ਡਾ. ਧਰਮਵੀਰ ਗਾਂਧੀ ਨੇ ਦੋਵੇਂ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨਾਲ ਸਹਿਮਤੀ ਜਤਾਉਂਦਿਆਂ ਪਾਰਲੀਮੈਂਟ ਵਿਚ ਜ਼ੋਰਦਾਰ ਢੰਗ ਨਾਲ ਹਮੇਸ਼ਾ ਵਾਂਗ ਉਠਾਉਣ ਦਾ ਭਰੋਸਾ ਦਿੱਤਾ। ਸੰਸਦ ਮੈਂਬਰ ਨੂੰ ਮੰਗ ਪੱਤਰ ਦੇਣ ਮੌਕੇ ਕਿਸਾਨ ਆਗੂ ਰਾਮਿੰਦਰ ਸਿੰਘ ਪਟਿਆਲਾ, ਅਵਤਾਰ ਸਿੰਘ ਕੌਰਜੀਵਾਲਾ, ਬੂਟਾ ਸਿੰਘ ਸ਼ਾਦੀਪੁਰ, ਹਰਦੀਪ ਸਿੰਘ ਘਨੁੜਕੀ, ਪਵਨ ਕੁਮਾਰ ਸ਼ੋਗਲਪੁਰ, ਹਰਭਜਨ ਸਿੰਘ ਬੁੱਟਰ, ਹਰੀ ਸਿੰਘ ਦੌਣ ਕਲਾਂ, ਜਗਤਾਰ ਸਿੰਘ, ਜਗਪਾਲ ਸਿੰਘ ਊਧਾ, ਲਸ਼ਕਰ ਸਿੰਘ , ਗੁਰਮੇਲ ਸਿੰਘ ਢਕੜੱਬਾ, ਦਲਜੀਤ ਸਿੰਘ ਚੱਕ, ਗੁਰਮੀਤ ਸਿੰਘ ਛੱਜੂਭੱਟ, ਅਵਤਾਰ ਸਿੰਘ ਭੇਡਪੁਰਾ, ਗੁਰਮੀਤ ਸਿੰਘ ਦਿੱਤੂਪੁਰ, ਦਵਿੰਦਰ ਸਿੰਘ ਪੂਨੀਆ, ਜਗਮੇਲ ਸਿੰਘ ਸੁਧੇਵਾਲ, ਨਰਿੰਦਰ ਸਿੰਘ ਲੇਹਲਾਂ, ਜਸਬੀਰ ਸਿੰਘ ਖੇੜੀ, ਰਮੇਸ਼ ਅਜ਼ਾਦ ਤੇ ਹਜੂਰਾ ਸਿੰਘ ਬਾਸ਼ਲ ਹਾਜ਼ਰ ਸਨ।