ਪੱਤਰ ਪ੍ਰੇਰਕ
ਮਾਨਸਾ, 18 ਜੁਲਾਈ
‘ਆਪ’ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਖੇਡ ਨੀਤੀਆਂ ਕਾਰਨ ਹੁਣ ਰਾਜ ਦੇ ਖਿਡਾਰੀ ਓਲੰਪਿਕ ’ਚ ਭਾਗ ਲੈਣ ਲੱਗੇ ਹਨ। ਉਹ ਅੱਜ ਭਾਈ ਬਹਿਲੋ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਫੜੇ ਭਾਈਕੇ (ਮਾਨਸਾ) ਵਿੱਚ 24ਵੀਂ ਪੰਜਾਬ ਰਾਜ ਇੰਟਰ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਦੇ ਉਦਘਾਟਨ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। ਸਟੇਟ ਪੱਧਰ ਦੀ ਇਸ ਚੈਂਪੀਅਨਸ਼ਿਪ ਦੌਰਾਨ ਪੰਜਾਬ ਭਰ ’ਚੋਂ 700 ਦੇ ਕਰੀਬ ਸਕੂਲਾਂ ਦੇ ਖਿਡਾਰੀ ਭਾਗ ਲੈ ਰਹੇ ਹਨ।
ਸਕੂਲ ਪ੍ਰਿੰਸੀਪਲ ਕੁਲਦੀਪ ਸਿੰਘ, ਡੀਪੀਈ ਕੁਲਦੀਪ ਸਿੰਘ, ਸਰਪੰਚ ਇਕਬਾਲ ਸਿੰਘ ਸਿੱਧੂ ਨੇ ਸ਼ੂਟਿੰਗ ਰੇਂਜ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਦਾਅਵਾ ਕੀਤਾ ਕਿ ਜੇਕਰ ਪੰਜਾਬ ਸਰਕਾਰ ਉਨ੍ਹਾਂ ਦੀ ਇਸ ਸ਼ੂਟਿੰਗ ਰੇਂਜ ਲਈ ਸਿਰਫ 4 ਪਿਸਟਲ ਮੁਹੱਈਆ ਕਰਵਾ ਦੇਵੇ ਤਾਂ ਉਹ ਦੋ ਸਾਲਾਂ ਦੀਆਂ ਪ੍ਰਾਪਤੀਆਂ ਨਾਲ ਇਸ ਸਹਿਯੋਗ ਦਾ ਮੁੱਲ ਮੋੜ ਦੇਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਇਸ ਅਹਿਮ ਮੰਗ ਨੂੰ ਜਲਦੀ ਪੂਰੀ ਕਰਵਾਉਣਗੇ।