ਹਰਜੀਤ ਸਿੰਘ
ਡੇਰਾਬੱਸੀ, 18 ਜੁਲਾਈ
ਇਥੇ ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਸਕੂਲ ਦੇ ਹੀ ਪੀਟੀਆਈ ਅਧਿਆਪਕ ਖ਼ਿਲਾਫ਼ ਸਰੀਰਕ ਸ਼ੋਸ਼ਣ ਅਤੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਅਧਿਆਪਿਕਾ ਨੇ ਇਹ ਵੀ ਦੋਸ਼ ਲਾਇਆ ਕਿ ਪੁਲੀਸ ਮੁਲਜ਼ਮ ਨੂੰ ਬਚਾ ਰਹੀ ਹੈ, ਜਿਨ੍ਹਾਂ ਨੇ ਸਿਰਫ ਕੁੱਟਮਾਰ ਦਾ ਹੀ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਅਮਨ ਪਰਾਸ਼ਰ ਵਾਸੀ ਪਟਿਆਲਾ ਵਜੋਂ ਹੋਈ ਹੈ। ਪੀੜਤ ਅਧਿਆਪਿਕਾ ਨੇ ਦੋਸ਼ ਲਾਇਆ ਕਿ ਉਹ ਅਮਨ ਪਰਾਸ਼ਰ ਨੂੰ ਕਰੀਬ 4 ਸਾਲ ਪਹਿਲਾਂ ਕਿਸੇ ਕੰਮ ਦੇ ਸਿਲਸਿਲੇ ਵਿਚ ਮਿਲੀ ਸੀ। ਦੋਵਾਂ ਵਿੱਚ ਚੰਗੀ ਦੋਸਤੀ ਹੋਣ ਮਗਰੋਂ ਅਮਨ ਉਸ ਦੇ ਘਰ ਆਉਣ-ਜਾਣ ਲੱਗਾ। ਅਮਨ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਹ ਅਕਸਰ ਉਸ ਦੇ ਘਰ ’ਚ ਹੀ ਸ਼ਰਾਬ ਪੀਂਦਾ ਸੀ। ਜਦੋਂ ਉਸ ਨੇ ਅਮਨ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਉਸ ਨੂੰ ਧਮਕਾਉਣ ਲੱਗਾ ਅਤੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ ਲੱਗਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨਾਲ ਕਈ ਵਾਰ ਜਬਰ-ਜਨਾਹ ਵੀ ਕੀਤਾ।
ਸ਼ਿਕਾਇਤਕਰਤਾ ਮੁਤਾਬਕ 11 ਜੁਲਾਈ ਰਾਤ ਨੂੰ ਅਮਨ ਪਰਾਸ਼ਰ ਆਪਣੇ ਇਕ ਪੁਲੀਸ ਵਾਲੇ ਦੋਸਤ ਨਾਲ ਉਸ ਦੇ ਘਰ ਸ਼ਰਾਬ ਪੀ ਕੇ ਆਇਆ ਸੀ। ਉਸ ਦਾ ਦੋਸਤ ਪੁਲੀਸ ਦੀ ਵਰਦੀ ’ਚ ਸੀ, ਜਿਸ ਦੀ ਵਰਦੀ ’ਤੇ ਤਿੰਨ ਤਾਰੇ ਲੱਗੇ ਹੋਏ ਸਨ।
ਅਮਨ ਨੇ ਉਸ ਦੇ ਸਾਹਮਣੇ ਹੀ ਸ਼ਰਾਬ ਪੀ ਕੇ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦੇ ਕਾਫੀ ਸੱਟਾਂ ਲੱਗੀਆਂ ਤੇ 12 ਜੁਲਾਈ ਦੀ ਰਾਤ ਨੂੰ ਉਸ ਦੇ ਪਿਤਾ ਨੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਡੇਰਾਬਸੀ ਦੇ ਸਰਕਾਰੀ ਹਪਸਤਾਲ ਭਰਤੀ ਕਰਵਾਇਆ ਅਤੇ 13 ਜੁਲਾਈ ਨੂੰ ਏਐੱਸਆਈ ਲਖਵਿੰਦਰ ਸਿੰਘ ਉਨ੍ਹਾਂ ਦੇ ਬਿਆਨ ਦਰਜ ਕਰਨ ਆਏ। ਪੀੜਤਾ ਨੇ ਦੱਸਿਆ ਕਿ ਬਿਆਨ ਦਰਜ ਕਰਵਾਉਣ ਸਮੇਂ ਉਸ ਨੇ ਸਰੀਰਕ ਸ਼ੋਸ਼ਣ ਬਾਰੇ ਵੀ ਦੱਸਿਆ ਪਰ ਪੁਲੀਸ ਨੇ ਇਸ ਗੱਲ ਨੂੰ ਅਣਗੌਲਿਆ ਕਰ ਦਿੱਤਾ ਤੇ ਕੁੱਟਮਾਰ ਦੇ ਮਾਮਲੇ ’ਚ ਦਰਜ ਕੀਤੀ ਐੱਫਆਈਆਰ ਦੀ ਕਾਪੀ ਵੀ ਨਹੀਂ ਦਿੱਤੀ।
ਇਸ ਮਾਮਲੇ ਬਾਰੇ ਏਐੱਸਪੀ ਵੈਭਵ ਚੌਧਰੀ ਨੇ ਕਿਹਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਚੌਕੀ ਇੰਚਾਰਜ ਮੁਤਾਬਕ ਸਰੀਰਕ ਸ਼ੋਸ਼ਣ ਦੀ ਗੱਲ ਸਾਹਮਣੇ ਨਹੀਂ ਆਈ ਹੈ ਅਤੇ ਕੁੱਟਮਾਰ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।