ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 18 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਅਕ ਸੈਸ਼ਨ 2024-25 ਲਈ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਕਰਨ ਲਈ ਆਨਲਾਈਨ ਪੋਰਟਲ ਪੰਜਵੀਂ ਅਤੇ ਅੱਠਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਪੰਜਾਬ ਬੋਰਡ ਨਾਲ ਸਬੰਧਤ ਸਮੂਹ ਸਕੂਲ ਮੁਖੀਆਂ ਨੂੰ ਸੂਚਿਤ ਕਰਦਿਆਂ ਕਿਹਾ ਗਿਆ ਹੈ ਕਿ ਅੱਜ ਤੋਂ 18 ਸਤੰਬਰ ਤੱਕ ਬਿਨਾਂ ਲੇਟ ਫੀਸ, 19 ਸਤੰਬਰ ਤੋਂ 16 ਅਕਤੂਬਰ ਤੱਕ 500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਅਤੇ 17 ਅਕਤੂਬਰ ਤੋਂ 11 ਨਵੰਬਰ ਤੱਕ 1500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਜਮ੍ਹਾ ਕਰਵਾਈ ਜਾ ਸਕਦੀ ਹੈ।
ਸਕੂਲ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਨੌਵੀਂ ਅਤੇ ਗਿਆਰ੍ਹਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਪਹਿਲਾਂ ਹੀ ਬੀਤੀ 26 ਜੂਨ ਤੋਂ ਆਨਲਾਈਨ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਲਈ ਪੋਰਟਲ ਚਾਲੂ ਕੀਤਾ ਹੋਇਆ ਹੈ, ਜਿਸ ਦੀ ਨਿਰਧਾਰਤ ਸ਼ਡਿਊਲ ਅਨੁਸਾਰ ਆਫ਼ਲਾਈਨ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 16 ਅਗਸਤ ਅਤੇ ਆਨਲਾਈਨ ਫੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 21 ਅਗਸਤ ਨਿਸ਼ਚਿਤ ਕੀਤੀ ਗਈ ਹੈ।