ਪੱਤਰ ਪ੍ਰੇਰਕ
ਕੁਰਾਲੀ, 18 ਜੁਲਾਈ
ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਮਾਜਰੀ ਵਿੱਚ ਸਬ-ਤਹਿਸੀਲ ਦਫ਼ਤਰ ਕੰਪਲੈਕਸ ਦੀ ਵੱਖਰੀ ਇਮਾਰਤ ਬਣਾਉਣ ਦੀ ਮੰਗ ਕੀਤੀ ਹੈ। ਕਾਂਗਰਸ ਸਰਕਾਰ ਵਿੱਚ ਮੰਤਰੀ ਰਹੇ ਸ੍ਰੀ ਕੰਗ ਨੇ ਕਿਹਾ ਕਿ ਉਨ੍ਹਾਂ ਨੇ ਮਾਲ ਮੰਤਰੀ ਹੁੰਦਿਆਂ ਸਿਰਤੋੜ ਯਤਨ ਕਰ ਕੇ ਬਲਾਕ ਮਾਜਰੀ ਨੂੰ ਸਬ-ਤਹਿਸੀਲ ਦਾ ਦਰਜਾ ਦਿਵਾਇਆ ਸੀ। ਉਨ੍ਹਾਂ ਕਿਹਾ ਕਿ ਉਦੋਂ ਤੋਂ ਹੀ ਸਬ-ਤਹਿਸੀਲ ਮਾਜਰੀ ਦਾ ਦਫ਼ਤਰ ਬੀਡੀਪੀਓ ਦਫ਼ਤਰ ਕੰਪਲੈਕਸ ਦੇ ਇੱਕ ਹਿੱਸੇ ਵਿੱਚ ਹੀ ਚੱਲਦਾ ਆ ਰਿਹਾ ਹੈ। ਸ੍ਰੀ ਕੰਗ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਸਬ-ਸਹਿਸੀਲ ਦੇ ਵੱਖਰੇ ਦਫ਼ਤਰ ਕੰਪਲੈਕਸ ਦੇ ਨਿਰਮਾਣ ਲਈ ਉਪਰਾਲਾ ਕਰਦਿਆਂ ਬਲਾਕ ਸਮਿਤੀ ਤੋਂ ਮਤਾ ਪਾਸ ਕਰਵਾ ਕੇ ਕੇਸ ਸਰਕਾਰ ਨੂੰ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਜਾਣਕਾਰੀ ਮੁਤਾਬਕ ਤਤਕਾਲੀ ਸਰਕਾਰ ਤੇ ਮਾਲ ਵਿਭਾਗ ਨੇ ਸਬ-ਤਹਿਸੀਲ ਮਾਜਰੀ ਦੀ ਇਮਾਰਤ ਲਈ ਫੰਡ ਵੀ ਜਾਰੀ ਕਰ ਦਿੱਤੇ ਸਨ ਪਰ ਇਸ ਸਬੰਧੀ ਕਾਰਵਾਈ ਅੱਗੇ ਨਹੀਂ ਤੁਰ ਸਕੀ। ਸ੍ਰੀ ਕੰਗ ਨੇ ਸਰਕਾਰ ਤੇ ਮਾਲ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਪ੍ਰਾਜੈਕਟ ’ਤੇ ਗੌਰ ਕੀਤੀ ਜਾਵੇ ਅਤੇ ਲੋੜੀਂਦੀ ਕਾਰਵਾਈ ਕਰਦੇ ਹੋਏ ਤੁਰੰਤ ਬਲਾਕ ਮਾਜਰੀ ਵਿੱਚ ਸਬ-ਤਹਿਸੀਲ ਦਫ਼ਤਰ ਲਈ ਨਵੀਂ ਤੇ ਵੱਖਰੀ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਈ ਜਾਵੇ।