ਜੋਗਿੰਦਰ ਸਿੰਘ ਓਬਰਾਏ
ਖੰਨਾ, 19 ਜੁਲਾਈ
ਨਗਰ ਕੌਂਸਲ ਖੰਨਾ ਵੱਲੋਂ ਹਟਾਏ ਜਾ ਰਹੇ ਨਾਜਾਇਜ਼ ਕਬਜ਼ਿਆਂ ਦਾ ਵਿਰੋਧ ਕਰਦਿਆਂ ਕੁਝ ਦੁਕਾਨਦਾਰਾਂ ਨੇ ਧਰਨਾ ਦਿੰਦਿਆਂ ਸਰਵਿਸ ਰੋਡ ਤੇ ਜਰਨੈਲੀ ਸੜਕ ਜਾਮ ਕਰ ਦਿੱਤੀ ਅਤੇ ਨਗਰ ਕੌਂਸਲ ਖਿਲਾਫ਼ ਧੱਕੇਸ਼ਾਹੀ ਦਾ ਦੋਸ਼ ਲਾਇਆ। ਇਸ ਮੌਕੇ ਡੀਐੱਸਪੀ ਟੀਮ ਸਮੇਤ ਮੌਕੇ ’ਤੇ ਪੁੱਜੇ ਜਿਨ੍ਹਾਂ ਦੁਕਾਨਦਾਰਾਂ ਨੂੰ ਸਮਝਾ ਕੇ ਜਾਮ ਖੁੱਲ੍ਹਵਾਇਆ। ਜਾਣਕਾਰੀ ਅਨੁਸਾਰ ਅੱਜ ਕੌਂਸਲ ਦੀ ਟੀਮ ਵੱਲੋਂ ਤਹਿਬਜ਼ਾਰੀ ਵਿੰਗ ਦੀ ਇੰਚਾਰਜ ਪਰਮਜੀਤ ਕੌਰ ਦੀ ਅਗਵਾਈ ਹੇਠਾਂ ਚਾਂਦਲਾ ਮਾਰਕੀਟ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਸੀ। ਇਸ ਦੌਰਾਨ ਕੌਂਸਲ ਦੀ ਮਹਿਲਾ ਅਧਿਕਾਰੀ ਪਰਮਜੀਤ ਕੌਰ ਨੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਤੇ ਬਦਸਲੂਕੀ ਕਰਨ ਦੇ ਦੋਸ਼ ਲਾਏ। ਵਧਦੇ ਹੰਗਾਮੇ ਨੂੰ ਦੇਖਦਿਆਂ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ, ਹਨੀ ਰੋਸ਼ਾ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਅਤੇ ਕਾਂਗਰਸ ਤੋਂ ਅਮਿਤ ਤਿਵਾੜੀ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੂੰ ਕਿਹਾ ਕਿ ਜੇਕਰ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਦੇ ਕਬਜ਼ੇ ਹਟਾਉਣੇ ਹਨ ਤਾਂ ਉਨ੍ਹਾਂ ਨੂੰ ਜਗ੍ਹਾ ਦਿੱਤੀ ਜਾਵੇ। ਇਸੇ ਦੌਰਾਨ ਤਹਿਬਜ਼ਾਰੀ ਟੀਮ ਦੀ ਇੰਚਾਰਜ ਪਰਮਜੀਤ ਕੌਰ ਨੇ ਮਾੜਾ ਵਤੀਰਾ ਕਰਨ ਦੇ ਦੋਸ਼ ਲਾਉਂਦਿਆਂ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਬਾਜ਼ਾਰਾਂ ਵਿੱਚ ਐਲਾਨ ਕੀਤਾ ਗਿਆ ਸੀ ਕਿ ਨਾਜਾਇਜ਼ ਕਬਜ਼ੇ ਹਟਾਏ ਜਾਣਗੇ, ਪਰ ਇਸ ਦੇ ਬਾਵਜੂਦ ਦੁਕਾਨਦਾਰਾਂ ਨੇ ਕੋਈ ਗੱਲ ਨਹੀਂ ਸੁਣੀ। ਉਨ੍ਹਾਂ ਦੋਸ਼ ਲਾਇਆ ਕਿ ਕਾਰਵਾਈ ਦੌਰਾਨ ਇੱਕ ਦੁਕਾਨਦਾਰ ਤੇ ਦੋ ਹੋਰ ਜਣਿਆਂ ਨੇ ਕਥਿਤ ਤੌਰ ’ਤੇ ਉਨ੍ਹਾਂ ਨਾਲ ਬਦਸਲੂਕੀ ਕਰਦਿਆਂ ਹੱਥੋਪਾਈ ਦੀ ਕੋਸ਼ਿਸ਼ ਕੀਤੀ। ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਟੀਮ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।