ਸੰਤੋਖ ਗਿੱਲ
ਗੁਰੂਸਰ ਸੁਧਾਰ/ਮੁੱਲਾਂਪੁਰ, 19 ਜੁਲਾਈ
ਪਿੰਡ ਬੱਦੋਵਾਲ ਦੇ ਰੇਲਵੇ ਸਟੇਸ਼ਨ ਨੇੜੇ ਕਬਰਿਸਤਾਨ ਲਈ ਰਾਖਵੀਂ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕਰਨ ਦੀ ਵਾਰ ਵਾਰ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਪਿੰਡ ਬੱਦੋਵਾਲ ਵਾਸੀ ਰਾਜਿੰਦਰ ਸਿੰਘ ਵਿਰੁੱਧ ਥਾਣਾ ਦਾਖਾ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ। ਵਕਫ਼ ਬੋਰਡ ਦੇ ਅਸਟੇਟ ਅਫ਼ਸਰ ਮੁਹੰਮਦ ਅਯੂਬ ਕੁਰੈਸ਼ੀ ਵੱਲੋਂ ਲਿਖਤੀ ਸ਼ਿਕਾਇਤ ਬਾਅਦ ਥਾਣਾ ਦਾਖਾ ਦੀ ਪੁਲੀਸ ਨੇ ਇਹ ਕੇਸ ਦਰਜ ਕੀਤਾ ਹੈ। ਜਾਂਚ ਅਫ਼ਸਰ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਕਫ਼ ਬੋਰਡ ਦੇ ਅਸਟੇਟ ਅਫ਼ਸਰ ਮੁਹੰਮਦ ਅਯੂਬ ਕੁਰੈਸ਼ੀ ਨੇ ਆਪਣੀ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਖ਼ਸਰਾ ਨੰਬਰ 130 ਵਿੱਚ ਪੈਂਦੀ ਇਹ ਜ਼ਮੀਨ ਕਬਰਿਸਤਾਨ ਲਈ ਰਾਖਵੀਂ ਰੱਖੀ ਗਈ ਹੈ ਅਤੇ ਮੁਲਜ਼ਮ ਰਾਜਿੰਦਰ ਸਿੰਘ ਕਾਫ਼ੀ ਅਰਸੇ ਤੋਂ ਕਰੀਬ 250 ਗਜ਼ ਕੀਮਤੀ ਥਾਂ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਸੀ। ਉਨ੍ਹਾਂ ਦੋਸ਼ ਲਾਇਆ ਕਿ ਰੋਕਣ ਦੇ ਬਾਵਜੂਦ ਉਹ ਛੁੱਟੀ ਵਾਲੇ ਦਿਨ ਕਬਜ਼ੇ ਦੀ ਕੋਸ਼ਿਸ਼ ਕਰਦਾ ਸੀ।