ਪੱਤਰ ਪ੍ਰੇਰਕ
ਰਤੀਆ, 19 ਜੁਲਾਈ
ਇੱਥੇ ਅੱਜ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਦਿਨ-ਦਿਹਾੜੇ ਇੱਕ ਔਰਤ ਨੂੰ ਕੁੱਝ ਸੁੰਘਾ ਕੇ ਲੱਖਾਂ ਰੁਪਏ ਦੇ ਗਹਿਣੇ ਲੁੱਟ ਲਏ। ਪੁਲੀਸ ਨੇ ਔਰਤ ਦੇ ਪੁੱਤਰ ਡਿੰਪਲ ਕੁਮਾਰ ਗੋਇਲ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਸਵੇਰੇ 9 ਵਜੇ ਉਸ ਦੀ ਮਾਤਾ ਕ੍ਰਿਸ਼ਨਾ ਦੇਵੀ ਸ਼ਹਿਰ ਦੇ ਟਿੱਬਾ ਕਲੋਨੀ ਵਿੱਚ ਜਾ ਰਹੀ ਸੀ। ਜਦੋਂ ਉਹ ਮੰਡੀ ਰੋਡ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਨੇੜੇ ਪਹੁੰਚੀ ਤਾਂ ਇਸੇ ਦੌਰਾਨ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੀ ਮਾਤਾ ਨੂੰ ਕੁੱਝ ਸੁੰਘਾ ਦਿੱਤਾ ਅਤੇ ਉਸ ਦੇ ਹੱਥਾਂ ਵਿੱਚ ਪਾਈਆਂ ਸੋਨੇ ਦੀਆਂ ਦੋ ਚੂੜੀਆਂ ਅਤੇ ਅੰਗੂਠੀਆਂ ਲੁੱਟ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਅਣਪਛਾਤੇ ਨੌਜਵਾਨ ਕਰੀਬ ਤਿੰਨ ਤੋਲੇ ਸੋਨੇ ਦੇ ਗਹਿਣੇ ਖੋਹ ਕੇ ਲੈ ਗਏ ਹਨ।