ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 19 ਜੁਲਾਈ
ਪਿੰਡ ਮੱਲੀਆਂ-ਸ਼ਹਿਣਾ ਸੜਕ ਨਾ ਬਣਨ ਕਾਰਨ ਪਿੰਡ ਮੱਲੀਆਂ ਅਤੇ ਸ਼ਹਿਣਾ ਦੇ ਸਮਾਜ ਸੇਵੀਆਂ, ਪਤਵੰਤਿਆਂ ਦਾ ਇਕੱਠ ਹੋਇਆ। ਇਹ ਸੜਕ ਬਣਾਉਣ ਨੂੰ ਲੈ ਕੇ ਸੰਘਰਸ਼ ਦੀ ਜ਼ਿੰਮੇਵਾਰੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੂੰ ਦਿੱਤੀ ਗਈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਜਸਵੀਰ ਸਿੰਘ ਸੁਖਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਸਿਕੰਦਰ ਸਿੰਘ, ਗੁਰਵਿੰਦਰ ਸਿੰਘ ਨਾਮਧਾਰੀ, ਭੂਪਿੰਦਰ ਸਿੰਘ ਭਿੰਦਾ ਟੱਲੇਵਾਲ, ਬੂਟਾ ਸਿੰਘ ਮੱਲੀਆਂ ਨੇ ਦੱਸਿਆ ਕਿ ਆਜ਼ਾਦੀ ਦੇ 77 ਸਾਲ ਲੰਘ ਗਏ ਹਨ ਪ੍ਰੰਤੂ ਇਹ ਸੜਕ ਨਹੀਂ ਬਣੀ ਹਾਲਾਂਕਿ ਸਮੇਂ-ਸਮੇਂ ’ਤੇ ਮੰਤਰੀਆਂ ਤੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ। ਇਹ ਸੜਕ ਨਾ ਬਣਨ ਨਾਲ ਸ਼ਹਿਣੇ ਦੇ ਵਪਾਰ ਨੂੰ ਵੀ ਵੱਡਾ ਧੱਕਾ ਲੱਗ ਰਿਹਾ ਹੈ। ਦੋਹੇ ਪਿੰਡਾਂ ਦੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਨੂੰ ਮੰਗ ਪੱਤਰ ਵੀ ਦਿੱਤੇ। ਆਗੂਆਂ ਨੇ ਕਿਹਾ ਕਿ ਜੇਕਰ ਸੜਕ ਬਣਾਉਣ ਲਈ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਪੱਕਾ ਮੋਰਚਾ ਲਾਇਆ ਜਾਵੇਗਾ।