ਵਾਸ਼ਿੰਗਟਨ, 20 ਜੁਲਾਈ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨਗੇ ਅਤੇ ਅਗਲੇ ਹਫ਼ਤੇ ਤੋਂ ਪ੍ਰਚਾਰ ਮੁਹਿੰਮ ਮੁੜ ਸ਼ੁਰੂ ਕਰ ਦੇਣਗੇ। ਬਾਇਡਨ ਨੂੰ ਕਰੋਨਾਵਾਇਰਸ ਹੋ ਗਿਆ ਹੈ ਅਤੇ ਉਹ ਇਸ ਸਮੇਂ ਇਕਾਂਤਵਾਸ ’ਚ ਹਨ। ਬਾਇਡਨ ਵੱਲੋਂ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਸੰਭਾਲਣ ਵਾਲੀ ਟੀਮ ਨੇ ਇਕ ਬਿਆਨ ਜਾਰੀ ਕਰਕੇ ਕਿਹਾ,‘‘ਡੋਨਲਡ ਟਰੰਪ ਭਵਿੱਖ ਨੂੰ ਲੈ ਕੇ ਜੋ ਖ਼ਤਰਨਾਕ ਨਜ਼ਰੀਆ ਰਖਦੇ ਹਨ, ਅਸੀਂ ਅਮਰੀਕੀ ਉਹੋ ਜਿਹੇ ਨਹੀਂ ਹਾਂ। ਇਕ ਪਾਰਟੀ ਅਤੇ ਇਕ ਦੇਸ਼ ਵਜੋਂ ਅਸੀਂ ਉਨ੍ਹਾਂ ਨੂੰ ਚੋਣਾਂ ’ਚ ਹਰਾ ਸਕਦੇ ਹਾਂ ਅਤੇ ਹਰਾਵਾਂਗੇ।’’ ਬਾਇਡਨ ਨੇ ਟਰੰਪ ਦੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੌਰਾਨ ਦਿੱਤੇ ਭਾਸ਼ਣ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ,‘‘ਆਪਣੇ 90 ਮਿੰਟ ਤੋਂ ਵੱਧ ਸਮੇਂ ਦੇ ਭਾਸ਼ਣ ’ਚ ਉਹ ਸਿਰਫ਼ ਆਪਣਾ ਦੁਖੜਾ ਰੋਂਦੇ ਰਹੇ। ਉਨ੍ਹਾਂ ਕੋਲ ਸਾਨੂੰ ਇਕਜੁੱਟ ਕਰਨ ਦੀ ਕੋਈ ਯੋਜਨਾ ਨਹੀਂ ਹੈ। ਕੰਮਕਾਜੀ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ।’’ ਉਧਰ ਬਾਇਡਨ ਖ਼ਿਲਾਫ਼ ਡੈਮੋਕਰੈਟਿਕ ਪਾਰਟੀ ’ਚ ਸੁਰਾਂ ਤੇਜ਼ ਹੋ ਗਈਆਂ ਹਨ ਅਤੇ ਉਨ੍ਹਾਂ ਦੀ ਥਾਂ ’ਤੇ ਕਿਸੇ ਹੋਰ ਨੂੰ ਰਾਸ਼ਟਰਪਤੀ ਚੋਣ ਲੜਾਉਣ ਦੇ ਚਰਚੇ ਹੋ ਰਹੇ ਹਨ। ਪਾਰਟੀ ਦੇ 10 ਮੈਂਬਰਾਂ ਨੇ ਸ਼ੁੱਕਰਵਾਰ ਨੂੰ ਬਾਇਡਨ ਤੋਂ ਮੰਗ ਕੀਤੀ ਕਿ ਉਹ ਅਸਤੀਫ਼ਾ ਦੇ ਦੇਣ। -ਪੀਟੀਆਈ