ਨਵੀਂ ਦਿੱਲੀ, 20 ਜੁਲਾਈ
ਦਿਲ-ਲੁਮੀਨਾਟੀ ਟੂਰ ਦੌਰਾਨ ਭੰਗੜਾ ਟੀਮ ਨੂੰ ਕਥਿਤ ਤੌਰ ’ਤੇ ਭੁਗਤਾਨ ਨਾ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਨੇ ਵਿਵਾਦ ਨੂੰ ਸਪੱਸ਼ਟ ਕਰਨ ਦੇ ਉਦੇਸ਼ ਨਾਲ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਐੱਲਏ ਆਧਾਰਿਤ ਉਦਯੋਗਪਤੀ ਅਤੇ ਕਈ ਡਾਂਸ ਸੰਸਥਾਵਾਂ ਦੇ ਮਾਲਕ ਰਜਤ ਬੱਤਾ ਨੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਸੀ ਕਿ ਦਿਲਜੀਤ ਦੇ ਟੂਰ ਦੌਰਾਨ ਭੰਗੜਾ ਟੀਮ ਨੂੰ ਉਨ੍ਹਾਂ ਦੀ ਪੇਸ਼ਕਾਰੀ ਲਈ ਅਦਾਇਗੀ ਨਹੀਂ ਕੀਤੀ ਗਈ ਸੀ।
ਸੋਨਾਲੀ ਨੇ ਕਿਹਾ, ‘‘ਸਾਡੀ ਅਧਿਕਾਰਤ ਟੀਮ ਨੇ ਕਦੇ ਵੀ ਰਜਤ ਬੱਤਾ ਜਾਂ ਮਨਪ੍ਰੀਤ ਤੂਰ ਨਾਲ ਸੰਪਰਕ ਨਹੀਂ ਕੀਤਾ, ਜੋ ਸੋਸ਼ਲ ਮੀਡੀਆ ’ਤੇ ਝੂਠਾ ਪ੍ਰਚਾਰ ਕਰ ਰਹੇ ਹਨ। ਰਜਤ ਅਤੇ ਮਨਪ੍ਰੀਤ ਕਿਸੇ ਵੀ ਤਰ੍ਹਾਂ ਦਿਲ-ਲੁਮੀਨਾਟੀ ਟੂਰ ਦਾ ਹਿੱਸਾ ਨਹੀਂ ਸਨ।’’ ਉਸ ਨੇ ਦੱਸਿਆ ਕਿ ਟੂਰ ਦੇ ਅਧਿਕਾਰਤ ਕੋਰਿਓਗ੍ਰਾਫਰ ਬਲਵਿੰਦਰ ਸਿੰਘ, ਪ੍ਰੀਤ ਚਾਹਲ, ਦਿਵਿਆ ਅਤੇ ਵੈਨਕੂਵਰ ਤੋਂ ਪਾਰਥ ਸੀ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਪੋਸਟ ਵਿੱਚ ਸੋਨਾਲੀ ਨੇ ਟੂਰ ਵਿੱਚ ਸ਼ਾਮਲ ਨਾ ਹੋਣ ਵਾਲਿਆਂ ਨੂੰ ਗਲਤ ਜਾਣਕਾਰੀ ਫ਼ੈਲਾਉਣ ਤੋਂ ਬਚਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਰਜਤ ਬੱਤਾ ਨੇ ਆਪਣੀ ਭੰਗੜਾ ਟੀਮ ਦੇ ਮੈਂਬਰਾਂ ਨੂੰ ਕਥਿਤ ਤੌਰ ’ਤੇ ਅਦਾਇਗੀ ਨਾ ਕਰਨ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਇੰਸਟਾਗ੍ਰਾਮ ’ਤੇ ਦਿਲਜੀਤ ਦੋਸਾਂਝ ਨੂੰ ਜਨਤਕ ਤੌਰ ’ਤੇ ਟੈਗ ਕੀਤਾ ਸੀ। ਉਸ ਨੇ ਕਿਹਾ, ‘‘ਸਾਨੂੰ ਦਿਲਜੀਤ ਦੀਆਂ ਪ੍ਰਾਪਤੀਆਂ ’ਤੇ ਮਾਣ ਹੈ ਪਰ ਬਹੁਤ ਹੀ ਨਿਰਾਸ਼ਾ ਵੀ ਹੋਈ ਕਿ ਦੇਸੀ ਡਾਂਸਰਾਂ ਦਾ ਮੁੱਲ ਅਜੇ ਵੀ ਘੱਟ ਹੈ। ਦਿਲ-ਲੁਮੀਨਾਟੀ ਟੂਰ ਦੀ ਸਾਡੀ ਭੰਗੜਾ ਟੀਮ ਨੂੰ ਅਦਾਇਗੀ ਨਹੀਂ ਕੀਤੀ ਗਈ ਅਤੇ ਟੀਮ ਤੋਂ ਮੁਫ਼ਤ ਪੇਸ਼ਕਾਰੀ ਦੀ ਉਮੀਦ ਕੀਤੀ ਗਈ ਸੀ।’’ ਦੂਜੇ ਪਾਸੇ ਰਜਤ ਦੇ ਦਾਅਵਿਆਂ ਦੇ ਉਲਟ ਟੂਰ ਵਿੱਚ ਹਿੱਸਾ ਲੈਣ ਵਾਲੇ ਭੰਗੜਾ ਟੀਮ ਦੇ ਕਈ ਮੈਂਬਰਾਂ ਨੇ ਵਿਸ਼ਵ ਪੱਧਰ ’ਤੇ ਪੰਜਾਬੀ ਸੱਭਿਆਚਾਰ ਲਈ ਪੇਸ਼ਕਾਰੀ ਦਾ ਮੌਕਾ ਦੇਣ ਬਦਲੇ ਦਿਲਜੀਤ ਦਾ ਧੰਨਵਾਦ ਕਰਦਿਆਂ ਇੱਕ ਪੋਸਟ ਸਾਂਝੀ ਕੀਤੀ ਹੈ। ਫਿਲਹਾਲ ਦਿਲਜੀਤ ਦੋਸਾਂਝ ਨੇ ਖੁਦ ਇਨ੍ਹਾਂ ਦੋਸ਼ਾਂ ਸਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। -ਏਐੱਨਆਈ