ਨਵੀਂ ਦਿੱਲੀ (ਸੱਤਿਆ ਪ੍ਰਕਾਸ਼): ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਵੱਲੋਂ ਮੱਧ ਪ੍ਰਦੇਸ਼ ਦੇ ਧਾਰ ’ਚ ਭੋਜਸ਼ਾਲਾ ਕੰਪਲੈਕਸ ਦੇ ਵਿਗਿਆਨਕ ਸਰਵੇਖਣ ਦਾ ਹੁਕਮ ਪ੍ਰਾਪਤ ਕਰਨ ਦੇ ਮਾਮਲੇ ’ਚ ਇੱਕ ਹਿੰਦੂ ਜਥੇਬੰਦੀ ਨੇ ਏਐੱਸਆਈ ਦੀ ਰਿਪੋਰਟ ਦੇ ਆਧਾਰ ’ਤੇ ਕਿਸੇ ਵੀ ਅਗਲੇਰੀ ਕਾਰਵਾਈ ’ਤੇ ਰੋਕ ਹਟਾਉਣ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਏਐੱਸਆਈ ਨੇ 15 ਜੁਲਾਈ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਨੂੰ ਦੱਸਿਆ ਸੀ ਕਿ ਧਾਰ ’ਚ ਭੋਜਸ਼ਾਲਾ ਕੰਪਲੈਕਸ ’ਚ ਇੱਕ ਮਸਜਿਦ ਦਾ ਮੌਜੂਦਾ ਢਾਂਚਾ ਇੱਕ ਪੁਰਾਣੇ ਮੰਦਰ ਦੇ ਹਿੱਸਿਆਂ ਨਾਲ ਬਣਾਇਆ ਗਿਆ ਸੀ ਤੇ ਇਹ ਮੰਦਰ ਤਕਰੀਬਨ ਇੱਕ ਹਜ਼ਾਰ ਸਾਲ ਪੁਰਾਣਾ ਹੋ ਸਕਦਾ ਹੈ। ਹਿੰਦੂ ਧਿਰਾਂ ਇਸ ਵਿਵਾਦਤ ਥਾਂ ’ਤੇ ਮੁਕੰਮਲ ਮਾਲਕੀ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਥਾਂ ਪਹਿਲਾਂ ਦੇਵੀ ਸਰਸਵਤੀ ਦਾ ਮੰਦਰ ਸੀ ਅਤੇ ਮਸਜਿਦ ਬਾਅਦ ਵਿੱਚ ਬਣੀ।