ਹਰਜੀਤ ਪਰਮਾਰ/ਦਲਬੀਰ ਸੱਖੋਵਾਲੀਆ
ਬਟਾਲਾ, 20 ਜੁਲਾਈ
ਕਸਬਾ ਅਲੀਵਾਲ ਦੀ ਲਾਹੌਰ ਬ੍ਰਾਂਚ ਨਹਿਰ ਵਿੱਚ ਬੀਤੀ ਦੇਰ ਸ਼ਾਮ ਡੁੱਬੇ ਤਿੰਨ ਵਿਅਕਤੀਆਂ ’ਚੋਂ ਦੋ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਨੇੜਲੇ ਪਿੰਡ ਭਾਰਥਵਾਲ ਦੇ ਸਰਪੰਚ ਰਣਬੀਰ ਸਿੰਘ ਉਰਫ਼ ਰਾਣਾ (52) ਦੀ ਲਾਸ਼ ਦੀ ਭਾਲ ਜਾਰੀ ਹੈ। ਪੁਲੀਸ ਨੇ ਦੱਸਿਆ ਕਿ ਮੱਖਣ ਸਿੰਘ (50) ਤੇ ਕਰਤਾਰ ਸਿੰਘ (48) ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਸ ਦੌਰਾਨ ਸੁਰਜੋਤ ਉਰਫ਼ ਜੋਤਾ ਨੇ ਦੱਸਿਆ ਕਿ ਬੀਤੀ ਸ਼ਾਮ ਸਰਪੰਚ ਰਣਬੀਰ ਸਿੰਘ ਰਾਣਾ ਲਾਹੌਰ ਬ੍ਰਾਂਚ ਨਹਿਰ ਵਿੱਚ ਨਹਾਉਣ ਲਈ ਉਤਰਿਆ ਤੇ ਪੈਰ ਤਿਲਕਣ ਕਾਰਨ ਨਹਿਰ ਵਿੱਚ ਵਹਿ ਗਿਆ। ਉਸ ਨੂੰ ਬਚਾਉਣ ਲਈ ਉਸ ਦੇ ਨਾਲ ਮੱਖਣ ਸਿੰਘ ਤੇ ਕਰਤਾਰ ਸਿੰਘ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਦੌਰਾਨ ਸਰਪੰਚ ਰਣਬੀਰ ਸਿੰਘ ਤੇ ਉਸ ਦੇ ਦੋਵੇਂ ਸਾਥੀ ਡੁੱਬ ਗਏ ਜਦੋਂਕਿ ਉਹ ਕਿਸੇ ਤਰੀਕੇ ਬਚ ਗਿਆ।