ਦਿੱਲੀ, 20 ਜੁਲਾਈ
ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੇ ਦਿੱਲੀ ਨਗਰ ਨਿਗਮ ਲਈ 10 ਹਜ਼ਾਰ ਕਰੋੜ ਰੁਪਏ ਦਾ ਬਜਟ ਮੰਗਿਆ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਨਗਰ ਨਿਗਮ ਨੂੰ ਉਸ ਦਾ ਹਿੱਸਾ ਨਹੀਂ ਮਿਲ ਰਿਹਾ ਹੈ। ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਦੱਸਿਆ ਕਿ ਸ਼ੈਲੀ ਓਬਰਾਏ ਨੇ ਇਸ ਸਬੰਧੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਵੀ ਲਿਖਿਆ ਹੈ। ਆਤਿਸ਼ੀ ਨੇ ਕਿਹਾ, “ਦਿੱਲੀ ਦੇਸ਼ ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਰਾਜਾਂ ਵਿੱਚੋਂ ਇੱਕ ਹੈ। ਪਿਛਲੇ ਸਾਲ ਕੇਂਦਰ ਸਰਕਾਰ ਨੂੰ ਕੁੱਲ 2.32 ਲੱਖ ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਗਿਆ ਸੀ। ਹਾਲਾਂ ਕਿ ਹੁਣ ਵੀ ਦਿੱਲੀ ਇਕਲੌਤਾ ਅਜਿਹਾ ਸੂਬਾ ਹੈ ਜਿਸ ਨੂੰ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸ਼ਹਿਰ ਦੀ ਸਾਂਭ-ਸੰਭਾਲ ਲਈ ਅਲਾਟਮੈਂਟ ਨਹੀਂ ਮਿਲਦੀ।’’ ਉਨ੍ਹਾਂ ਕਿਹਾ ਕਿ 23 ਜੁਲਾਈ ਨੂੰ ਪੇਸ਼ ਹੋਣ ਵਾਲੇ ਕੇਂਦਰੀ ਬਜਟ ਵਿੱਚ ਦਿੱਲੀ ਵੱਲੋਂ ਅਦਾ ਕੀਤੇ ਜਾਣ ਵਾਲੇ ਟੈਕਸਾਂ ਦਾ ਪੰਜ ਫੀਸਦੀ ਹਿੱਸਾ ਦਿੱਤਾ ਜਾਵੇਗਾ। ਸ਼ੈਲੀ ਓਬਰਾਏ ਨੇ ਕਿਹਾ ਕਿ ਐੱਮਸੀਡੀ ਫੰਡਾਂ ਦੀ ਵਰਤੋਂ ਸ਼ਹਿਰ ਦੀ ਸਫਾਈ, ਸੜਕਾਂ ਦੀ ਸਾਂਭ-ਸੰਭਾਲ ਅਤੇ ਪਾਰਕਾਂ ਦੇ ਸੁੰਦਰੀਕਰਨ ਲਈ ਕਰੇਗੀ। ਉਨ੍ਹਾਂ ਕਿਹਾ, ‘‘ਅਸੀਂ ਸ਼ਹਿਰ ਵਿੱਚ ਸਫ਼ਾਈ ਨੂੰ ਯਕੀਨੀ ਬਣਾਉਣ ਲਈ 5 ਹਜ਼ਾਰ ਕਰੋੜ ਰੁਪਏ, ਸੜਕਾਂ ਲਈ 3 ਹਜ਼ਾਰ ਕਰੋੜ ਰੁਪਏ ਅਤੇ ਪਾਰਕਾਂ ਦੇ ਸੁੰਦਰੀਕਰਨ ਲਈ 2 ਹਜ਼ਾਰ ਕਰੋੜ ਰੁਪਏ ਦੀ ਵਰਤੋਂ ਕਰਨਾ ਚਾਹੁੰਦੇ ਹਾਂ।’’ ਸੀਤਾਰਮਨ ਦੁਆਰਾ ਸਾਲ 2024-25 ਦਾ ਕੇਂਦਰੀ ਬਜਟ 23 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ। -ਪੀਟੀਆਈ