ਪੱਤਰ ਪ੍ਰੇਰਕ
ਘਨੌਲੀ, 21 ਜੁਲਾਈ
ਪੰਜਾਬ ਦੇ ਜਲ ਸਰੋਤ ਤੇ ਖਣਨ ਵਿਭਾਗ ਵੱਲੋਂ ਨਾਜਾਇਜ਼ ਖਣਨ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸ ਸਬੰਧੀ ਐੱਸਈ ਰਮਨਦੀਪ ਸਿੰਘ ਬੈਂਸ ਨੇ ਦੱਸਿਆ ਕਿ ਨਾਜਾਇਜ਼ ਖਣਨ ਰੋਕਣ ਲਈ ਜਿੱਥੇ ਸਬੰਧਤ ਜ਼ਿਲ੍ਹਿਆਂ ਦੀਆਂ ਟੀਮਾਂ ਵੱਲੋਂ ਸਪੈਸ਼ਲ ਨਾਕੇ ਲਗਾ ਕੇ ਖਣਨ ਸਮੱਗਰੀ ਦੇ ਭਰੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਉੱਥੇ ਹੀ ਇਸ ਸਬੰਧੀ ਵਿਸ਼ੇਸ਼ ਟੀਮਾਂ ਵੀ ਕਾਇਮ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵੱਲੋਂ ਚੈਕਿੰਗ ਕਰ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸੇ ਮੁਹਿੰਮ ਤਹਿਤ ਹੀ ਬੀਤੀ ਰਾਤ ਰੂਪਨਗਰ ਜ਼ਿਲ੍ਹੇ ਦੇ ਪਿੰਡ ਕਕਰਾਲਾ ਵਿੱਚ ਹਿਮਾਚਲ ਪ੍ਰਦੇਸ਼ ਤੋਂ ਬਿਨਾਂ ਬਿੱਲ ਖਣਨ ਸਮੱਗਰੀ ਲੈ ਕੇ ਆ ਰਹੇ ਟਿੱਪਰ ਨੂੰ ਕਾਬੂ ਕਰ ਕੇ ਪੁਲੀਸ ਚੌਕੀ ਭਰਤਗੜ੍ਹ ਦੇ ਹਵਾਲੇ ਕੀਤਾ ਗਿਆ ਹੈ ਤੇ ਟਿੱਪਰ ਚਾਲਕ ਵਿਰੁੱਧ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੈਕਿੰਗ ਜਾਰੀ ਰਹੇਗੀ।