ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਚੋਣ ਬਾਂਡ ਯੋਜਨਾ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਅਪੀਲ ਕਰਦੀ ਲੋਕ ਹਿੱਤ ਪਟੀਸ਼ਨ ’ਤੇ ਸੋਮਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦਾ ਬੈਂਚ ਦੋ ਗੈਰ-ਸਰਕਾਰੀ ਸੰਸਥਾਵਾਂ – ‘ਕਾਮਨ ਕਾਜ਼’ ਅਤੇ ‘ਸੈਂਟਰ ਫਾਰ ਪਬਲਿਕ ਇੰਟਰੈਸਟ ਲਿਟੀਗੇਸ਼ਨ’ (ਸੀਪੀਆਈਐੱਲ) ਦੀ ਜਨਹਿੱਤ ਪਟੀਸ਼ਨ ’ਤੇ ਸੋਮਵਾਰ ਨੂੰ ਸੁਣਵਾਈ ਕਰ ਸਕਦਾ ਹੈ। ਪਟੀਸ਼ਨ ਵਿੱਚ ਸਿਆਸੀ ਪਾਰਟੀਆਂ ਅਤੇ ਕੰਪਨੀਆਂ ਵਿਚਾਲੇ ‘ਸਪੱਸ਼ਟ ਲੈਣ-ਦੇਣ’ ਦਾ ਦੋਸ਼ ਲਗਾਇਆ ਗਿਆ ਹੈ। ਚੋਣ ਬਾਂਡ ਯੋਜਨਾ ਨੂੰ ਇਕ ‘ਘੁਟਾਲਾ’ ਕਰਾਰ ਦਿੰਦੇ ਹੋਏ ਪਟੀਸ਼ਨ ਵਿੱਚ ‘ਸ਼ੈੱਲ ਕੰਪਨੀਆਂ (ਫ਼ਰਜ਼ੀ ਕੰਪਨੀਆਂ) ਅਤੇ ਘਾਟੇ ਵਿੱਚ ਚੱਲ ਰਹੀਆਂ ਉਨ੍ਹਾਂ ਕੰਪਨੀਆਂ’ ਵੱਲੋਂ ਕੀਤੀ ਗਈ ਫੰਡਿੰਗ ਦੇ ਸਰੋਤਾਂ ਦੀ ਜਾਂਚ ਦਾ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। -ਪੀਟੀਆਈ