ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਜੁਲਾਈ
ਸਤਲੁਜ ਅਤੇ ਬੁੱਢੇ ਦਰਿਆ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਨੇੜਿਓਂ ਦੇਖਣ ਲਈ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਅੱਜ ਲੁਧਿਆਣਾ ਵਿਖੇ ਬੁੱਢਾ ਦਰਿਆ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਾਲੇ ਪਾਣੀ ਦਾ ਮੋਰਚਾ ਚਲਾ ਰਹੇ ਨਰੋਆ ਪੰਜਾਬ ਮੰਚ ਅਤੇ ਪਬਲਿਕ ਐਕਸ਼ਨ ਕਮੇਟੀ ਦੇ ਕਾਰਕੁਨ ਵੀ ਸ਼ਾਮਲ ਸਨ।
ਸਥਾਨਕ ਕੇਂਦਰੀ ਜੇਲ੍ਹ ਨੇੜੇ ਜਮਾਲਪੁਰ ਦੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਡਾਇੰਗ ਇੰਡਸਟਰੀ ਦੇ 40 ਅਤੇ 50 ਐਮਐਲਡੀ ਦੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟਾਂ ਵਿੱਚੋਂ ਨਿਕਲਦਾ ਪਾਣੀ ਵੇਖ ਉਨ੍ਹਾਂ ਨੇ ਹੈਰਾਨੀ ਪ੍ਰਗਟਾਉਂਦਿਆਂ ਸਵਾਲ ਪੁੱਛਿਆ ਕਿ ਕੀ ਇਹ ਟਰੀਟਿਡ ਪਾਣੀ ਹੈ। ਇਸ ਮੌਕੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਜੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਜਾਂ ਕੋਈ ਪ੍ਰਾਈਵੇਟ ਇੰਡਸਟਰੀ ਦੇ ਮਾਲਕ ਮਿਲੀਭੁਗਤ ਕਰ ਕੇ ਦਰਿਆਵਾਂ ਜਾਂ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ ਤਾਂ ਈਡੀ ਨੂੰ ਅਖਤਿਆਰ ਹੈ ਕਿ ਉਹ ‘ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ’ ਦੇ ਤਹਿਤ ਵੀ ਉਨ੍ਹਾਂ ’ਤੇ ਕਾਰਵਾਈ ਕਰ ਸਕਦੀ ਹੈ । ਇਸ ਮੌਕੇ ਪਬਲਿਕ ਐਕਸ਼ਨ ਕਮੇਟੀ (ਮੱਤੇਵਾੜਾ, ਸਤਲੁਜ ਅਤੇ ਬੁੱਢਾ ਦਰਿਆ) ਦੇ ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਹਾਲ ਹੀ ਵਿਚ ਜੀਰਾ ਦੀ ਸ਼ਰਾਬ ਫੈਕਟਰੀ ਵੱਲੋਂ ਧਰਤੀ ਹੇਠ ਪ੍ਰਦੂਸ਼ਿਤ ਪਾਣੀ ਪਾਏ ਜਾਣ ਦੇ ਮਾਮਲੇ ਵਿੱਚ ਵੀ ਈਡੀ ਨੇ ਪੂਰੇ ਮਾਮਲੇ ਜਾਇਜ਼ਾ ਲਿਆ ਹੈ ਅਤੇ ਆਪਣੀ ਕਾਰਵਾਈ ਕੀਤੀ ਹੈ। ਨਰੋਆ ਪੰਜਾਬ ਮੰਚ ਦੇ ਜਸਕੀਰਤ ਸਿੰਘ ਨੇ ਦੱਸਿਆ ਕਿ ਜੇ ਬੁੱਢਾ ਦਰਿਆ ਨੂੰ ਸਾਫ ਸੁਥਰਾ ਬਣਾਉਣ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਰਗੇ ਅਦਾਰੇ ਕਥਿਤ ਤੌਰ ’ਤੇ ਫੇਲ੍ਹ ਹੋਏ ਹਨ ਤਾਂ ਸਾਨੂੰ ਹੋਰ ਅਦਾਰਿਆਂ ਦਾ ਸਾਥ ਲੈਣ ਵਿੱਚ ਕੋਈ ਝਿਜਕ ਨਹੀਂ ਹੋਵੇਗੀ।