ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਜੁਲਾਈ
ਨੇੜਲੇ ਪਿੰਡ ਭੂੰਦੜੀ ਵਿੱਚ ਲੱਗਣ ਵਾਲੀ ਬਾਇਓ ਗੈਸ ਫੈਕਟਰੀ ਖ਼ਿਲਾਫ਼ ਸ਼ੁਰੂ ਕੀਤਾ ਗਿਆ ਪੱਕਾ ਮੋਰਚਾ ਜਾਰੀ ਹੈ। ਅੱਜ ਐਤਵਾਰ ਨੂੰ ਇਸ ‘ਚ ਸ਼ਾਮਲ ਹੋਈਆਂ ਬੀਬੀਆਂ ਨੇ ਇਸ ਸੰਘਰਸ਼ ‘ਚ ਇਹ ਏਕਾ ਇਸੇ ਤਰ੍ਹਾਂ ਕਾਇਮ ਰੱਖਣ ਦੀ ਗੱਲ ਕੀਤੀ। ਉਨ੍ਹਾਂ ਗੈਸ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਤੱਕ ਇਸੇ ਤਰ੍ਹਾਂ ਜੂਝਦੇ ਰਹਿਣ ਦਾ ਵੀ ਸੱਦਾ ਦਿੱਤਾ। ਧਰਨੇ ਨੂੰ ਬੀਬੀ ਗੁਰਮੀਤ ਕੌਰ, ਹਰਜਿੰਦਰ ਕੌਰ ਤੇ ਸੁਰਿੰਦਰ ਕੌਰ ਨੇ ਸੰਬੋਧਨ ਕੀਤਾ।
ਇਸ ਤੋਂ ਇਲਾਵਾ ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਭੂੰਦੜੀ ਦੇ ਨੁਮਾਇੰਦਿਆਂ ਸੂਬੇਦਾਰ ਕਾਲਾ ਸਿੰਘ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਮਲਕੀਤ ਸਿੰਘ ਚੀਮਨਾ, ਗੁਰਮੇਲ ਸਿੰਘ ਸਨੇਤ, ਕੋਮਲਜੀਤ ਸਿੰਘ, ਸਤਪਾਲ ਸਿੰਘ, ਹਰਬੰਸ ਸਿੰਘ ਕਾਉਂਕੇ, ਜਸਵਿੰਦਰ ਸਿੰਘ ਕਾਕਾ ਤੇ ਜਸਵਿੰਦਰ ਸਿੰਘ ਰਾਜੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਅਫ਼ਸੋਸ ਜ਼ਾਹਿਰ ਕੀਤਾ ਕਿ ਅੱਜ 111 ਦਿਨ ਬੀਤੇ ਜਾਣ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਹਾਲੇ ਵੀ ਲਾਰੇ ਲੱਪੇ ਲਾ ਰਿਹਾ ਹੈ।
ਕਮੇਟੀ ਆਗੂ ਸੁਖਦੇਵ ਭੂੰਦੜੀ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ 18 ਜੁਲਾਈ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਨਾਲ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ‘ਚ ਡੀਸੀ ਨੇ 28 ਜੁਲਾਈ ਤਕ ਮੁੱਖ ਮੰਤਰੀ ਨਾਲ ਮਸਲੇ ਦੇ ਹੱਲ ਲਈ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ। ਤਾਲਮੇਲ ਸੰਘਰਸ਼ ਕਮੇਟੀ ਨੇ ਚਿਤਾਵਨੀ ਦਿੱਤੀ ਕਿ ਜੇ ਮਸਲੇ ਦਾ ਹੱਲ ਨਾ ਕੱਢਿਆ ਤਾਂ ਡੀਸੀ ਦਫ਼ਤਰ ਲੁਧਿਆਣਾ ਦਾ ਦੋ ਅਗਸਤ ਨੂੰ ਘਿਰਾਓ ਕੀਤਾ ਜਾਵੇਗਾ।
ਮੁਸ਼ਕਾਬਾਦ ਬਾਇਓਗੈਸ ਫੈਕਟਰੀ ਖਿਲਾਫ ਧਰਨਾ ਜਾਰੀ
ਸਮਰਾਲਾ (ਪੱਤਰ ਪ੍ਰੇਰਕ): ਪਿੰਡ ਮੁਸ਼ਕਾਬਾਦ ਵਿੱਚ ਬਣ ਰਹੀ ਬਾਇਓਗੈਸ ਪਲਾਂਟ ਬੰਦ ਕਰਵਾਉਣ ਲਈ ਦਿੱਤਾ ਜਾ ਰਿਹਾ ਰੋਸ ਧਰਨਾ 80ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਤੱਕ ਇਹ ਫੈਕਟਰੀ ਬੰਦ ਨਹੀਂ ਕੀਤੀ ਜਾਂਦੀ, ਉਨੀ ਦੇਰ ਤੱਕ ਇਹ ਧਰਨਾ ਜਾਰੀ ਰਹੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨਿਰਮਲ ਸਿੰਘ ਨੇ ਕਿਹਾ ਕਿ ਧਰਨੇ ਨੂੰ ਕਾਮਯਾਬ ਕਰਨ ਲਈ ਪਿੰਡ ਹਰਿਓ, ਮੁਸ਼ਕਾਬਾਦ, ਟੱਪਰੀਆਂ ਤੇ ਖੀਰਨੀਆਂ ਦੇ ਲੋਕ ਲਗਾਤਾਰ ਆ ਰਹੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਉਰਨਾ, ਹਰਪ੍ਰੀਤ ਸਿੰਘ, ਲਛਮਣ ਸਿੰਘ ਕੂਮਕਲਾਂ, ਭਿੰਦਰ ਸਿੰਘ ਚਹਿਲਾਂ, ਅਮਰਜੀਤ ਸਿੰਘ ਬਾਲਿਓ, ਬਲਵੰਤ ਸਿੰਘ ਘੁਢਾਣੀ, ਮੇਜਰ ਸਿੰਘ, ਬਚਨ ਸਿੰਘ, ਗੁਰਦਾਸ ਸਿੰਘ ਹਾਜ਼ਰ ਸਨ।