ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਜੁਲਾਈ
ਅੱਜ ਇੱਥੇ ਕਈ ਥਾਂ ਮੀਂਹ ਨੇ ਜਲ-ਥਲ ਕੀਤਾ ਜਦਕਿ ਕਈ ਇਲਾਕੇ ਪੂਰੀ ਤਰ੍ਹਾਂ ਸੁੱਕੇ ਰਹੇ। ਕਰੀਬ ਅੱਧਾ ਘੰਟਾ ਪਏ ਇਸ ਮੀਂਹ ਕਾਰਨ ਨੀਵੀਆਂ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਖੜ੍ਹ ਗਿਆ। ਮੀਂਹ ਦੇ ਬਾਵਜੂਦ ਲੁਧਿਆਣਾ ਵਿੱਚ ਤਾਪਮਾਨ 38.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਬਾਅਦ ਅੱਜ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਦੁਪਹਿਰ ਬਾਅਦ ਮੀਂਹ ਪਿਆ। ਇਹ ਮੀਂਹ ਕਰੀਬ ਚਾਰ ਕੁ ਵਜੇ ਸ਼ੁਰੂ ਹੋਇਆ ਅਤੇ ਸਾਢੇ ਚਾਰ ਕੁ ਵਜੇ ਤੱਕ ਖਤਮ ਹੋ ਗਿਆ। ਇਸ ਅੱਧੇ ਘੰਟੇ ਦੇ ਮੀਂਹ ਨੇ ਹੀ ਕਈ ਇਲਾਕਿਆਂ ਵਿੱਚ ਜਲ-ਥਲ ਕਰ ਦਿੱਤਾ ਜਦਕਿ ਦੂਜੇ ਪਾਸੇ ਸ਼ਹਿਰ ਦੇ ਹੀ ਕਈ ਇਲਾਕੇ ਪੂਰੀ ਤਰ੍ਹਾਂ ਸੁੱਕੇ ਰਹਿਣ ਕਰਕੇ ਹੁੰਮਸ ਅਤੇ ਗਰਮੀ ਘੱਟ ਹੋਣ ਦੀ ਥਾਂ ਹੋਰ ਵਧ ਗਈ। ਮੌਸਮ ਮਾਹਿਰਾਂ ਨੇ ਪਹਿਲਾਂ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਜ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੋਈ ਸੀ। ਅੱਜ ਜਿਨ੍ਹਾਂ ਇਲਾਕਿਆਂ ਵਿੱਚ ਮੀਂਹ ਪਿਆ ਉਨਾਂ ’ਚ ਸਮਰਾਲਾ ਚੌਕ, ਚੰਡੀਗੜ੍ਹ ਰੋਡ, ਤਾਜਪੁਰ ਰੋਡ, ਜੋਧੇਵਾਲ ਬਸਤੀ, ਜਲੰਧਰ ਬਾਈਪਾਸ, ਬਾਬਾ ਥਾਨ ਸਿੰਘ ਚੌਕ, ਟਰਾਂਸਪੋਰਟ ਨਗਰ ਆਦਿ ਦੇ ਨੇੜਲੇ ਇਲਾਕੇ ਸ਼ਾਮਲ ਸਨ ਜਦਕਿ ਦੁੱਗਰੀ ਰੋਡ, ਫਲਾਵਰ ਚੌਕ, ਪੱਖੋਵਾਲ ਰੋਡ, ਲਾਢੋਵਾਲ, ਫਿਰੋਜ਼ਪੁਰ ਰੋਡ ਆਦਿ ਇਲਾਕੇ ਪੂਰੀ ਤਰ੍ਹਾਂ ਸੁੱਕੇ ਰਹੇ। ਜਿਨ੍ਹਾਂ ਇਲਾਕਿਆਂ ਵਿੱਚ ਮੀਂਹ ਪਿਆ ਉੱਥੇ ਸੜਕਾਂ ਅਤੇ ਗਲੀਆਂ ਵਿੱਚ ਕਈ ਘੰਟੇ ਪਾਣੀ ਖੜ੍ਹਾ ਰਿਹਾ। ਮੀਂਹ ਦੇ ਪਾਣੀ ਕਰਕੇ ਕਈ ਲੋਕਾਂ ਦੇ ਦੋ ਪਹੀਆ ਵਾਹਨ ਵੀ ਸੜਕ ਵਿਚਕਾਰ ਖੜ੍ਹੇ ਦਿਖਾਈ ਦਿੱਤੇ। ਕਈ ਥਾਈਂ ਸੜਕਾਂ ’ਤੇ ਪਾਣੀ ਭਰਨ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਮੀਂਹ ਕਾਰਨ ਲੋਕਾਂ ਨੂੰ ਥੋੜ੍ਹਾ ਸਮਾਂ ਗਰਮੀ ਤੋਂ ਵੀ ਰਾਹਤ ਮਿਲੀ।
ਲੁਧਿਆਣਾ ਨੇੜਲੇ ਖੇਤਰਾਂ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ
ਦੂਜੇ ਪਾਸ ਪੀਏਯੂ ਮੌਸਮ ਵਿਭਾਗ ਅਨੁਸਾਰ ਅੱਜ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 38.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਸਵੇਰ ਦੇ ਸਮੇਂ ਮੌਸਮ ’ਚ ਨਮੀ ਦੀ ਮਾਤਰਾ 76 ਫੀਸਦੀ ਜਦਕਿ ਸ਼ਾਮ ਸਮੇਂ ਨਮੀ ਦੀ ਮਾਤਰਾ 49 ਫ਼ੀਸਦੀ ਰਹੀ। ਪੀਏਯੂ ਮੌਸਮ ਵਿਭਾਗ ਨੇ ਆਉਂਦੇ 24 ਘੰਟਿਆਂ ਵਿੱਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ।