ਨਵੀਂ ਦਿੱਲੀ, 21 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਵਿਸ਼ਵ ਦੀ ਭਲਾਈ ਅਤੇ ਲੋਕਾਂ ਦੇ ਆਪਸੀ ਰਿਸ਼ਤੇ ਮਜ਼ਬੂਤ ਕਰਨ ਲਈ ਵਿਰਾਸਤ ਦੀ ਤਾਕਤ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਲੋਕਾਂ ਨੂੰ ਉਤਸ਼ਾਹਤ ਕਰਦਿਆਂ ਕਿਹਾ ਕਿ ਵਿਰਾਸਤ ਸਿਰਫ਼ ਇਤਿਹਾਸ ਨਹੀਂ ਸਗੋਂ ਮਨੁੱਖਤਾਂ ਦੀ ‘ਸਾਂਝੀ ਚੇਤਨਾ’ ਹੈ। ਉਨ੍ਹਾਂ ਇਥੇ ਭਾਰਤ ਮੰਡਪਮ ਵਿੱਚ ਵਿਸ਼ਵ ਵਿਰਾਸਤ ਸਮਿਤੀ (ਡਬਲਿਊਐੱਚਸੀ) ਦੇ 46ਵੇਂ ਸੈਸ਼ਨ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਰਾਸਤ ਦੀ ਸਰਵਵਿਆਪਕਤਾ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ, ‘ਜਦੋਂ ਵੀ ਅਸੀਂ ਇਤਿਹਾਸਕ ਸਥਾਨਾਂ ਨੂੰ ਦੇਖਦੇ ਹਾਂ ਤਾਂ ਸਾਡਾ ਮਨ ਮੌਜੂਦਾ ਸਿਆਸੀ ਹਾਲਾਤ ਤੋਂ ਉਤੇ ਉਠ ਜਾਂਦਾ ਹੈ।’ ਜ਼ਿਕਰਯੋਗ ਹੈ ਕਿ ਭਾਰਤ ਪਹਿਲੀ ਵਾਰ 21 ਤੋਂ 31 ਜੁਲਾਈ ਤਕ ਯੂਨੈਸਕੋ ਦੇ ਪ੍ਰਮੁੱਖ ਸਮਾਗਮ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਯੂਨੈਸਕੋ ਦੀ ਡਾਇਰੈਕਟਰ ਜਨਰਲ ਔਡਰੇ ਅਜ਼ੂਲੇ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਕੇਂਦਰੀ ਸਭਿਆਚਾਰ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਮੌਜੂਦ ਸਨ। ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਮੰਡਪਮ ਵਿਚ ਵਿਦੇਸ਼ਾਂ ਤੋਂ ਲਿਆਂਦੀਆਂ ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ ਦੇਖੀ। ਹਾਲ ਦੀ ਘੜੀ ਮੁਲਕ ਵਿਚ 350 ਤੋਂ ਵੱਧ ਕਲਾਕ੍ਰਿਤਾਂ ਲਿਆਂਦੀਆਂ ਜਾ ਚੁੱਕੀਆਂ ਹਨ। ਮੋਦੀ ਨੇ ਕਿਹਾ, ‘ਭਾਰਤ ਦੀ ਵਿਰਾਸਤ ਸਿਰਫ਼ ਇਤਿਹਾਸ ਨਹੀਂ ਹੈ, ਇਹ ਵਿਗਿਆਨ ਵੀ ਹੈ।’
ਉਨ੍ਹਾਂ ਵਿਸ਼ਵ ਭਰ ਦੇ ਦੇਸ਼ਾਂ ਨੂੰ ਸੱਦਾ ਦਿੱਤਾ ਕਿ ਉਹ ਇਕ ਦੂਜੇ ਦੇਸ਼ ਦੀ ਵਿਰਾਸਤ, ਮਨੁੱਖੀ ਕਲਿਆਣ ਤੇ ਸੈਰ ਸਪਾਟਾ ਨੂੰ ਹੁਲਾਰਾ ਦੇਣ ਤੇ ਵਿਸ਼ਵ ਵਿਰਾਸਤ ਸਮਿਤੀ ਜ਼ਰੀਏ ਰੁਜ਼ਗਾਰ ਦੇ ਵੱਧ ਮੌਕੇ ਪੈਦਾ ਕਰਨ ਲਈ ਮਿਲ ਕੇ ਕੰਮ ਕਰਨ। ਇਸ ਮੌਕੇ ਵਿਚ ਸੌ ਤੋਂ ਵੱਧ ਦੇਸ਼ਾਂ ਦੇ ਦੋ ਹਜ਼ਾਰ ਤੋਂ ਵੱਧ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।
ਦੱਸਣਾ ਬਣਦਾ ਹੈ ਕਿ ਡਬਲਿਊਐੱਚਸੀ ਦੀ ਸਾਲ ਵਿਚ ਇਕ ਵਾਰ ਮੀਟਿੰਗ ਹੁੰਦੀ ਹੈ। -ਪੀਟੀਆਈ
ਕਾਰਗਿਲ ਵਿਜੈ ਦਿਵਸ ਸਮਾਗਮ ਵਿਚ ਸ਼ਿਰਕਤ ਕਰਨ ਲੱਦਾਖ਼ ਜਾਣਗੇ ਪ੍ਰਧਾਨ ਮੰਤਰੀ
ਲੇਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਵਿਜੈ ਦਿਵਸ ਦੇ 25ਵੇਂ ਵਰ੍ਹੇਗੰਢ ਸਮਾਗਮ ਵਿਚ ਸ਼ਿਰਕਤ ਕਰਨ ਲਈ 26 ਜੁਲਾਈ ਨੂੰ ਲੱਦਾਖ਼ ਜਾਣਗੇ। ਇਸ ਸਬੰਧੀ ਸਮਾਗਮਾਂ ਦਾ ਅੱਜ ਲੈਫਟੀਨੈਂਟ ਗਵਰਨਰ ਬ੍ਰਿਗੇਡੀਅਰ (ਸੇਵਾਮੁਕਤ) ਬੀਡੀ ਮਿਸ਼ਰਾ ਨੇ ਜਾਇਜ਼ਾ ਲਿਆ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਮੁੱਖ ਸਮਾਗਮ ਕਾਰਗਿਲ ਜ਼ਿਲ੍ਹੇ ਦੇ ਦਰਾਸ ਵਿਚ 24 ਤੋਂ 26 ਜੁਲਾਈ ਤੱਕ ਹੋਵੇਗਾ। ਸ੍ਰੀ ਮਿਸ਼ਰਾ ਨੇ ਇਸ ਸਬੰਧੀ ਸਕੱਤਰੇਤ ਵਿਚ ਸਮਾਗਮ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। -ਪੀਟੀਆਈ