ਪੱਤਰ ਪ੍ਰੇਰਕ
ਰੂਪਨਗਰ, 21 ਜੁਲਾਈ
ਜ਼ਿਲ੍ਹਾ ਸੈਸ਼ਨ ਜੱਜ ਰੂਪਨਗਰ ਰਮੇਸ਼ ਕੁਮਾਰੀ ਦੀ ਅਦਾਲਤ ਨੇ ਇੱਕ ਵਿਅਕਤੀ ਨੂੰ ਆਪਣੀ ਪਤਨੀ, ਸਾਲੀ ਅਤੇ ਪਤਨੀ ਦੇ ਭਤੀਜੇ ਦੇ ਕਤਲ ਅਤੇ ਇੱਕ ਹੋਰ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੁੱਲ 70 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਉਸ ਨੂੰ ਤਿੰਨ ਉਮਰ ਕੈਦਾਂ ਤੇ ਇਰਾਦਾ ਕਤਲ ਅਧੀਨ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਆਲਮ ਵਾਸੀ ਮੋਰਿੰਡਾ ਨੇ 3 ਜੂਨ 2020 ਨੂੰ ਆਪਣੀ ਪਤਨੀ ਕਾਜਲ, ਸਾਲੀ ਜਸਪ੍ਰੀਤ ਕੌਰ ਅਤੇ ਪਤਨੀ ਦੇ ਭਤੀਜੇ ਸਾਹਿਲ ਦਾ ਕਤਲ ਕਰ ਕੇ ਦੂਜੇ ਭਤੀਜੇ ਬੌਬੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਦੋਸ਼ੀ ਨੂੰ ਹਰ ਕਤਲ ਲਈ ਵੱਖ-ਵੱਖ ਤੌਰ ’ਤੇ 20-20 ਸਾਲ ਅਤੇ ਇਰਾਦਾ ਕਤਲ ਲਈ 10 ਸਾਲ ਯਾਨੀ ਕੁੱਲ 70 ਸਾਲ ਦੀ ਸਜ਼ਾ ਭੁਗਤਣੀ ਪਵੇਗੀ।