ਪੱਤਰ ਪ੍ਰੇਰਕ
ਜਲੰਧਰ, 22 ਜੁਲਾਈ
ਇੱਥੋਂ ਦੀ ਚੌਕੀ ਫੋਕਲ ਪੁਆਇੰਟ ਦੀ ਹੱਦ ’ਚ ਪੈਂਦੇ ਗਦਈਪੁਰ ’ਚ ਕਰੇਨ ਦੀ ਲਪੇਟ ਵਿੱਚ ਆਉਣ ਕਾਰਨ ਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਰੇਨ ਚਾਲਕ ਕਰਨ ਉਰਫ਼ ਕੈਟ ਵਾਸੀ ਟਰਾਂਸਪੋਰਟ ਨਗਰ ਨੂੰ ਕਾਬੂ ਕਰ ਲਿਆ ਗਿਆ। ਮ੍ਰਿਤਕ ਦੀ ਪਛਾਣ ਤੀਰਥ ਰਾਮ ਵਾਸੀ ਸਲੇਮਪੁਰ ਦੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਤੀਰਥ ਰਾਮ ਫੋਕਲ ਪੁਆਇੰਟ ਸਥਿਤ ਫੈਕਟਰੀ ’ਚ ਰਾਤ ਨੂੰ ਕੰਮ ਕਰਨ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਗਦਈਪੁਰ ਕੋਲ ਪਹੁੰਚਿਆ ਤਾਂ ਤੇਜ਼ ਰਫ਼ਤਾਰ ਨਾਲ ਜਾ ਰਹੀ ਸੰਧੂ ਕਰੇਨ ਸਰਵਿਸ ਦੀ ਕਰੇਨ ਸਾਈਕਲ ’ਤੇ ਜਾ ਰਹੇ ਤੀਰਥ ਨਾਲ ਟਕਰਾ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਦੌਰਾਨ ਮ੍ਰਿਤਕ ਦੇ ਰਿਸ਼ਤੇਦਾਰ ਤੇ ਉਸ ਦੇ ਸਾਥੀ ਵੀ ਮੌਕੇ ’ਤੇ ਪਹੁੰਚ ਗਏ। ਉਸ ਨੇ ਦੱਸਿਆ ਕਿ ਤੀਰਥ ਪਿਛਲੇ 25 ਸਾਲਾਂ ਤੋਂ ਜਲੰਧਰ ’ਚ ਰਹਿ ਰਿਹਾ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਭੇਜ ਦਿੱਤੀ ਹੈ।