ਸੁਖਦੇਵ ਸੁੱਖ
ਅਜਨਾਲਾ, 22 ਜੁਲਾਈ
ਇਸ ਸ਼ਹਿਰ ਵਿੱਚੋਂ ਗੁਜ਼ਰਦੀ ਸੜਕ ਦੇ ਕੰਢੇ ਬੇਤਰਤੀਬੀਆਂ ਖੜ੍ਹਾਈਆਂ ਰੇਹੜੀਆਂ, ਦੁਕਾਨਦਾਰਾਂ ਵੱਲੋਂ ਦੁਕਾਨਾਂ ਦਾ ਸਾਮਾਨ ਸੜਕ ਕੰਢੇ ’ਤੇ ਰੱਖਣ ਅਤੇ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਸੜਕ ਦੇ ਵਿਚਕਾਰ ਬੱਸਾਂ ਖੜ੍ਹੀਆਂ ਕਰਨ ਨਾਲ ਅਜਨਾਲਾ ਸ਼ਹਿਰ ਅੰਦਰ ਆਵਾਜਾਈ ਪ੍ਰਬੰਧ ਲੀਹੋਂ ਲੱਥ ਗਿਆ ਹੈ। ਪ੍ਰਸ਼ਾਸਨ ਵੱਲੋਂ ਇਸ ਪਾਸੇ ਵੱਲ ਉੱਕਾ ਧਿਆਨ ਨਾ ਦੇਣ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ।
ਦੂਰ-ਦੁਰਾਡੇ ਪਿੰਡਾਂ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਖਰੀਦੋ ਫਰੋਖਤ ਕਰਨ ਅਤੇ ਤਹਿਸੀਲ ਹੈੱਡਕੁਆਰਟਰਾਂ ’ਤੇ ਬਣੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਦਫਤਰਾਂ ਵਿੱਚ ਆਪਣਾਂ ਕੰਮ ਕਰਵਾਉਣ ਲਈ ਆਉਂਦੇ ਰਹਿੰਦੇ ਹਨ ਪਰ ਜਦ ਉਨ੍ਹਾਂ ਦੇ ਵਾਹਨ ਅਜਨਾਲਾ ਸ਼ਹਿਰ ਅੰਦਰ ਦਾਖਲ ਹੁੰਦੇ ਹਨ ਤਾਂ ਸੜਕ ਤੰਗ ਹੋਣ ਨਾਲ ਇੱਥੇ ਜਾਮ ਵਿੱਚ ਫਸ ਜਾਂਦੇ ਹਨ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ, ਅਜਨਾਲਾ ਤੋਂ ਫਤਿਹਗੜ੍ਹ ਚੂੜੀਆਂ ਅਤੇ ਅਜਨਾਲਾ ਤੋਂ ਚੋਗਾਵਾਂ-ਲੋਪੋਕੇ ਨੂੰ ਜਾਂਦੀਆਂ ਸੜਕਾਂ ਵੀ ਅਜਨਾਲਾ ਸ਼ਹਿਰ ਅੰਦਰ ਲੰਘਦੀਆਂ ਹਨ ਜਿਸ ਕਾਰਨ ਇੱਥੇ ਭਾਰੀ ਗਿਣਤੀ ਵਿੱਚ ਵਾਹਨ ਲੰਘਦੇ ਹਨ। ਰਾਹਗੀਰਾਂ ਨੇ ਮੰਗ ਕਰਦਿਆਂ ਕਿਹਾ ਕਿ ਦੁਕਾਨਦਾਰਾਂ ਦਾ ਬਾਹਰ ਰੱਖਿਆ ਸਾਮਾਨ ਚੁਕਵਾਇਆ ਜਾਵੇ, ਨਾਜਾਇਜ਼ ਤੌਰ ’ਤੇ ਸੜਕ ਦੇ ਕੰਢੇ ਲੱਗੀਆਂ ਰੇਹੜੀਆਂ ਹਟਾਈਆਂ ਜਾਣ। ਇਸ ਸਬੰਧੀ ਨਗਰ ਪੰਚਾਇਤ ਅਜਨਾਲਾ ਦੇ ਕਾਰਜਸਾਧਕ ਅਫਸਰ ਅਜਨਾਲਾ ਜਤਿੰਦਰ ਮਹਾਜਨ ਨੇ ਦੱਸਿਆ ਕਿ ਇਸ ਸਮੱਸਿਆ ਦਾ ਹੱਲ ਆਉਣ ਵਾਲੇ ਦਿਨਾਂ ਵਿੱਚ ਪੱਕੇ ਤੌਰ ’ਤੇ ਕਰ ਦਿੱਤਾ ਜਾਵੇਗਾ ਤਾਂ ਜੋ ਰਾਹਗੀਰਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਝੱਲਣੀ ਪਵੇ।