ਦੀਰ ਅਬ-ਬਾਲਾਹ, 22 ਜੁਲਾਈ
ਇਜ਼ਰਾਇਲੀ ਫੌਜ ਨੇ ਸੋਮਵਾਰ ਨੂੰ ਗਾਜ਼ਾ ਪੱਟੀ ਦੇ ਇਕ ਹਿੱਸੇ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਗਾਜ਼ਾ ਪੱਟੀ ਦੇ ਇਸ ਹਿੱਸੇ ਨੂੰ ਮਨੁੱਖੀ ਜ਼ੋਨ ਐਲਾਨਿਆ ਹੋਇਆ ਹੈ। ਫੌਜ ਨੇ ਕਿਹਾ ਕਿ ਉਸ ਵੱਲੋਂ ਇਲਾਕੇ ਵਿਚ ਲੁਕੇ ਹਮਾਸ ਦਹਿਸ਼ਤਗਰਦਾਂ ਖਿਲਾਫ਼ ਕਾਰਵਾਈ ਲਈ ਯੋਜਨਾਬੰਦੀ ਕੀਤੀ ਜਾ ਰਹੀ ਹੈ। ਫੌਜ ਨੇ ਕਿਹਾ ਕਿ ਇਨ੍ਹਾਂ ਦਹਿਸ਼ਤਗਰਦਾਂ ਵੱਲੋਂ ਇਜ਼ਰਾਈਲ ਵੱਲ ਰਾਕੇਟ ਦਾਗੇ ਜਾ ਰਹੇ ਹਨ। ਇਸ ਇਲਾਕੇ ਵਿਚ ਮੁਵਾਸੀ ਮਾਨਵੀ ਜ਼ੋਨ ਦਾ ਪੂਰਬੀ ਹਿੱਸਾ ਵੀ ਸ਼ਾਮਲ ਹੈ, ਜੋ ਦੱਖਣੀ ਗਾਜ਼ਾ ਪੱਟੀ ਵਿਚ ਪੈਂਦਾ ਹੈ। ਇਜ਼ਰਾਈਲ ਵੱਲੋਂ ਕੀਤੇ ਹਵਾਈ ਤੇ ਜ਼ਮੀਨੀ ਹਮਲਿਆਂ ਦੌਰਾਨ ਫਲਸਤੀਨੀ ਸੁਰੱਖਿਅਤ ਟਿਕਾਣਿਆਂ ਦੀ ਭਾਲ ਵਿਚ ਕਈ ਵਾਰ ਇਥੋਂ ਬੇਘਰ ਹੋ ਚੁੱਕੇ ਹਨ।
ਇਸ ਤੋਂ ਪਹਿਲਾਂ ਜੁਲਾਈ ਮਹੀਨੇ ਦੀ ਸ਼ੁਰੂਆਤ ਵਿਚ ਇਜ਼ਰਾਈਲ ਨੇ ਕਿਹਾ ਸੀ ਕਿ ਇਕ ਅੰਦਾਜ਼ੇ ਮੁਤਾਬਕ ਭੂ-ਮੱਧ ਸਾਗਰ ਨਾਲ ਲੱਗਦੇ ਇਸ 14 ਕਿਲੋਮੀਟਰ ਦੇ ਇਲਾਕੇ ਵਿਚ 18 ਲੱਖ ਫ਼ਲਸਤੀਨੀ ਮੌਜੂਦ ਸਨ। -ਏਪੀ