ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 22 ਜੁਲਾਈ
ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੇ ਕਾਰਕੁਨਾਂ ਨੇ ਅੱਜ ਸਥਾਨਕ ਕਿਰਤ ਵਿਭਾਗ ਦੇ ਦਫ਼ਤਰ ਵਿਖੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਮੁਜ਼ਾਹਰਾਕਾਰੀਆਂ ਨੇ ਇਸ ਮੌਕੇ ਕਿਰਤ ਵਿਭਾਗ ਵਲੋਂ ਮਜ਼ਦੂਰਾਂ ਦੀਆਂ ਸਕੀਮਾਂ ਨੂੰ ਅਣਗੌਲਿਆ ਕਰਨ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਕਿਰਤ ਵਿਭਾਗ ਦੀ ਸਾਇਟ ਲਗਪਗ ਬੰਦ ਰਹਿੰਦੀ ਹੈ ,ਦਿਹਾੜੀ ਛੱਡ ਕੇ ਦੂਰ-ਦੁਰਾਡੇ ਪਿੰਡਾਂ ਵਿੱਚੋ ਆਏ ਮਜ਼ਦੂਰ ਲੇਬਰ ਦਫ਼ਤਰਾਂ ਦੇ ਵਾਰ-ਵਾਰ ਚੱਕਰ ਕੱਟਣ ਲਈ ਮਜਬੂਰ ਹਨ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ 2018 ਤੋਂ ਪਾਸ ਕੀਤੀਆ ਨਿਰਮਾਣ ਮਜ਼ਦੂਰਾਂ ਦੀਆਂ ਆਫ ਲਾਈਨ ਬੁਢਾਪਾ ਪੈਨਸ਼ਨਾ ਨੂੰ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਭੇਜਿਆ ਜਾਵੇ ਅਤੇ ਇਸ ਦੇ ਨਾਲ ਹੀ ਮਜ਼ਦੂਰਾਂ ਵਲੋਂ ਸਰਕਾਰੀ ਸਕੀਮਾਂ ਲੈਣ ਲਈ ਲਾਈਆਂ ਫਾਈਲਾਂ ਨੂੰ ਨਾ ਰੋਕਿਆ ਜਾਵੇ। ਇਸ ਮੌਕੇ ਪੰਜਾਬ ਸਰਕਾਰ ਨੂੰ ਲੇਬਰ ਇੰਸਪੈਕਟਰ ਸੁਨਾਮ ਰਾਹੀਂ ਇੱਕ ਮੰਗ ਪੱਤਰ ਵੀ ਭੇਜਿਆ ਗਿਆ। ਅੱਜ ਦੇ ਪ੍ਰਦਰਸ਼ਨ ਮੌਕੇ ਇਮਾਰਤੀ ਪੇਟਰ ਮਜ਼ਦੂਰ ਯੂਨੀਅਨ (ਸੀਟੂ) ਸੁਨਾਮ ਦੇ ਪ੍ਰਧਾਨ ਗੁਰਜੰਟ ਸਿੰਘ, ਲਖਵਿੰਦਰ ਚਹਿਲ, ਹਰਜੀਤ ਕੌਰ ਕੜਿਆਲ ਹਾਜ਼ਰ ਸਨ।