ਜੋਗਿੰਦਰ ਸਿੰਘ ਮਾਨ/ਅਮਿਤ ਕੁਮਾਰ
ਮਾਨਸਾ/ਬੁਢਲਾਡਾ, 22 ਜੁਲਾਈ
ਜ਼ਿਲ੍ਹੇ ਦੇ ਪਿੰਡ ਫੁਲੂਵਾਲਾ ਡੋਗਰਾ ਵਿੱਚ ਦੇਰ ਰਾਤ ਘਰ ਬਾਹਰ ਸੁੱਤੇ ਪਏ ਇਕ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਬੁਢਲਾਡਾ ਦੇ ਡੀਐੱਸਪੀ ਮਨਜੀਤ ਸਿੰਘ ਔਲਖ ਦੀ ਅਗਵਾਈ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ। ਇਸ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਉੱਚ ਅਧਿਕਾਰੀਆਂ ਅਤੇ ਥਾਣਾ ਪੁਲੀਸ ਪਾਰਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਲਾਭ ਸਿੰਘ ਵਜੋਂ ਹੋਈ ਹੈ, ਜੋ ਐਲਆਈਸੀ ਜਗਰਾਓ ਵਿੱਚ ਬਤੌਰ ਖਜ਼ਾਨਚੀ ਦੇ ਅਹੁਦੇ ’ਤੇ ਤਾਇਨਾਤ ਸੀ। ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਵੀ ਪਿੰਡ ਅਹਿਮਦਪੁਰ ’ਚ ਦੂਹਰਾ ਕਤਲ ਕਾਂਡ ਹੋਇਆ ਸੀ ਅਤੇ ਅਜੇ ਉਸ ਦੀ ਗੁੱਥੀ ਨਹੀਂ ਸੁਲਝੀ ਹੈ, ਪਰ ਹੁਣ ਰਾਤ ਘਰ ਬਾਹਰ ਸੁੱਤੇ ਪਏ ਵਿਅਕਤੀ ਦਾ ਕਤਲ ਹੋ ਗਿਆ।
ਪੁਲੀਸ ਵੱਲੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਾਭ ਸਿੰਘ ਘਰ ਦੇ ਬਾਹਰ ਸੁੱਤਾ ਪਿਆ ਸੀ ਅਤੇ ਉਸੇ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਉਤੇ ਹਮਲਾ ਕਰ ਦਿੱਤਾ। ਉਹ ਪਹਿਲੇ ਦਿਨ ਹੀ ਘਰ ਦੇ ਬਾਹਰ ਸੁੱਤਾ ਸੀ। ਪਰਿਵਾਰਕ ਮੈਂਬਰਾਂ ਨੂੰ ਉਸ ਵੇਲੇ ਘਟਨਾ ਦਾ ਪਤਾ ਲੱਗਿਆ, ਜਦੋਂ ਉਹ ਸਵੇਰੇ 5 ਵਜੇ ਦੇ ਲਗਭਗ ਸੌਂ ਕੇ ਉਠੇ ਸਨ। ਉਨ੍ਹਾਂ ਲਾਭ ਸਿੰਘ ਨੂੰ ਖੂਨ ਨਾਲ ਲੱਥ-ਪੱਤ ਹੋਏ ਪਏ ਨੂੰ ਮੰਜੇ ਉਤੇ ਵੇਖਿਆ। ਤੁਰੰਤ ਇਸ ਮਾਮਲਾ ਦਾ ਰੌਲਾ ਪੈ ਗਿਆ ਅਤੇ ਪਿੰਡ ਵਿੱਚ ਹਾਹਕਾਰ ਮੱਚ ਗਈ ਅਤੇ ਲੋਕਾਂ ਵੱਲੋਂ ਪੁਲੀਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ। ਪਿੰਡ ਦੇ ਲੋਕਾਂ ਨੇ ਪੁਲੀਸ ਨੂੰ ਦੱਸਿਆ ਕਿ ਅੱਜ ਤੱਕ ਲਾਭ ਸਿੰਘ ਦੇ ਪਰਿਵਾਰ ਦਾ ਕਿਸੇ ਨਾਲ ਕੋਈ ਲੜਾਈ-ਝਗੜਾ ਨਹੀਂ ਹੋਇਆ। ਉਸ ਨੂੰ ਬੇਹੱਦ ਸਰੀਫ਼ ਇਨਸਾਨ ਦੱਸਿਆ ਜਾਂਦਾ ਹੈ। ਪਿੰਡ ਦੇ ਸਾਰੇ ਲੋਕ ਉਸ ਦੀ ਇੱਜ਼ਤ ਕਰਦੇ ਸਨ।
ਡੀਐੱਸਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ 31 ਜੁਲਾਈ ਨੂੰ ਲਾਭ ਸਿੰਘ ਨੇ ਸੇਵਾਮੁਕਤ ਹੋਣਾ ਸੀ। ਉਨ੍ਹਾਂ ਕਿਹਾ ਕਿ ਉਸ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਆਰੰਭ ਕਰ ਦਿੱਤੀ ਗਈ ਹੈ।