ਨਿੱਜੀ ਪੱਤਰ ਪ੍ਰੇਰਕ
ਸਿਰਸਾ, 22 ਜੁਲਾਈ
ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਭਾਇਆ ਨੇ ਕਿਹਾ ਕਿ ਸਰਕਾਰ ਮਹਿੰਗਾਈ ’ਤੇ ਕਾਬੂ ਨਹੀਂ ਪਾ ਸਕੀ ਜਿਸ ਕਰਕੇ ਆਮ ਲੋਕ ਦੁਖੀ ਹਨ। ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦੇ ਮੁੱਦਿਆਂ ਨੂੰ ਸੰਸਦ ਵਿੱਚ ਜ਼ੋਰ ਨਾਲ ਚੁੱਕਣਗੇ। ਸ਼ੇਰ ਸਿੰਘ ਘੁਬਾਇਆ ਅੱਜ ਦਿੱਲੀ ਜਾਂਦੇ ਹੋਏ ਥੋੜ੍ਹੀ ਦੇਰ ਲਈ ਸਿਰਸਾ ਰੁਕੇ ਸਨ। ਇਥੇ ਉਨ੍ਹਾਂ ਨੇ ਆਪਣੇ ਹਿਮਾਇਤੀਆਂ ਨਾਲ ਕੁਝ ਦੇਰ ਗੱਲਬਾਤ ਕੀਤੀ। ਇਸ ਦੌਰਾਨ ਸਮਰਥਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸੰਸਦ ਮੈਂਬਰ ਚੁਣੇ ਜਾਣ ’ਤੇ ਵਧਾਈ ਦਿੱਤੀ। ਇਸ ਮੌਕੇ ਬੋਲਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਫ਼ਿਰੋਜ਼ਪੁਰ ਦੇ ਲੋਕਾਂ ਨੇ ਉਨ੍ਹਾਂ ਨੂ ਸੰਸਦ ਮੈਂਬਰ ਬਣਾ ਕੇ ਜ਼ਿੰਮੇਵਾਰੀ ਸੌਂਪੀ ਹੈ। ਉਹ ਸੰਸਦ ਵਿੱਚ ਲੋਕਾਂ ਦੇ ਮੁੱਦੇ ਪੂਰੇ ਦਿਲ, ਜਾਨ ਨਾਲ ਚੁਕਣਗੇ। ਉਨ੍ਹਾਂ ਕਿਹਾ ਕਿ ਇਸ ਸਰਕਾਰ ਤੋਂ ਦੁਕਾਨਦਾਰ, ਮੁਲਾਜ਼ਮ, ਵਪਾਰੀ, ਕਿਸਾਨ, ਸਮਾਜ ਦਾ ਹਰ ਵਰਗ ਦੁਖੀ ਹੈ।