ਪੱਤਰ ਪ੍ਰੇਰਕ
ਕਾਲਾਂਵਾਲੀ, 22 ਜੁਲਾਈ
ਪਿੰਡ ਘੁੱਕਿਆਂਵਾਲੀ ਅਤੇ ਨੂਹੀਆਂਵਾਲੀ ਰੋਡ ’ਤੇ ਖੜ੍ਹੇ ਟਰੱਕ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਸੋਨੂ ਪੁੱਤਰ ਬਲਬੀਰ ਸਿੰਘ ਵਾਸੀ ਨੂਹੀਆਂਵਾਲੀ ਦੀ ਸ਼ਿਕਾਇਤ ’ਤੇ ਥਾਣਾ ਔਢਾਂ ਪੁਲੀਸ ਨੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੋਨੂ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਭਰਾ ਪ੍ਰੇਮ ਕੁਮਾਰ ਕਿਸੇ ਕੰਮ ਲਈ ਮੋਟਰਸਾਈਕਲ ’ਤੇ ਪਿੰਡ ਘੁੱਕਿਆਂਵਾਲੀ ਗਿਆ ਸੀ। ਉਹ ਰਾਤ ਕਰੀਬ ਸਾਢੇ 9 ਵਜੇ ਪਿੰਡ ਨੂੰ ਪਰਤ ਰਿਹਾ ਸੀ ਤਾਂ ਰਾਹ ਵਿੱਚ ਇੱਕ ਟਰੱਕ ਸੜਕ ਦੇ ਵਿਚਕਾਰ ਖੜ੍ਹਾ ਸੀ। ਜਦੋਂ ਉਸ ਦਾ ਭਰਾ ਟਰੱਕ ਦੇ ਨੇੜੇ ਪਹੁੰਚਿਆ ਤਾਂ ਉਸ ਨੂੰ ਟਰੱਕ ਨਜ਼ਰ ਨਹੀਂ ਆਇਆ ਅਤੇ ਮੋਟਰਸਾਈਕਲ ਟਰੱਕ ਦੇ ਹੇਠਾਂ ਵੜ ਗਿਆ ਚਲਾ। ਟਰੱਕ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਉਸ ਦੇ ਭਰਾ ਪ੍ਰੇਮ ਦੀ ਮੌਤ ਹੋ ਗਈ ਅਤੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਭੂਪ ਸਿੰਘ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਧਨੌਲਾ/ਬਰਨਾਲਾ (ਰਵਿੰਦਰ ਰਵੀ): ਬਠਿੰਡਾ-ਚੰਡੀਗੜ੍ਹ ਕੌਮੀ ਮੁੱਖ ਮਾਰਗ ’ਤੇ ਅਣਪਛਾਤੇ ਵਾਹਨ ਅਤੇ ਮੋਟਰਸਾਈਕਲ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪ੍ਰਭਜੋਤ ਸਿੰਘ ਵਾਸੀ ਲੌਂਗੋਵਾਲ ਆਪਣੇ ਮੋਟਰਸਾਈਕਲ ’ਤੇ ਬਰਨਾਲਾ ਤੋਂ ਪਿੰਡ ਲੌਂਗੋਵਾਲ ਨੂੰ ਜਾ ਰਿਹਾ ਸੀ ਜਦੋਂ ਹੀ ਉਹ ਬਠਿੰਡਾ ਚੰਡੀਗੜ੍ਹ ਕੌਮੀ ਮੁੱਖ ਮਾਰਗ ਨੇੜੇ ਦੀਪਕ ਢਾਬਾ ਧਨੌਲਾ ਨੇੜੇ ਬਣੇ ਪੁਲ ਦੇ ਥੱਲਿਓਂ ਮੇਨ ਰੋਡ ’ਤੇ ਚੜ੍ਹਨ ਲੱਗਾ ਤਾਂ ਬਰਨਾਲਾ ਪਾਸੇ ਤੋਂ ਆਉਂਦੇ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਨੇ ਨੌਜਵਾਨ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਧਨੌਲਾ ਵਿਖੇ ਪਹੁੰਚਾਇਆ।
ਤਪਾ ਮੰਡੀ (ਪੱਤਰ ਪ੍ਰੇਰਕ): ਇੱਥੇ ਸੜਕ ਹਾਦਸੇ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋ ਨੌਜਵਾਨ ਮੋਟਰਸਾਈਕਲ ’ਤੇ ਲੰਘੀ ਰਾਤ ਤਪਾ-ਪਖੋ ਕੈਂਚੀਆਂ ਲਿੰਕ ਸੜਕ ’ਤੇ ਪਿੰਡ ਢਿੱਲਵਾਂ ਤੋਂ ਤਪਾ ਵੱਲ ਜਾ ਰਹੇ ਸਨ। ਇਹ ਦੋਵੇਂ ਬੀਰਬਲ ਸਿੰਘ ਅਤੇ ਉਸ ਦੇ ਸਵਾਰ ਸਾਥੀ ਸ਼ਮਸ਼ੇਰ ਸਿੰਘ ਦੇ ਮੋਟਰਸਾਈਕਲ ਦੀ ਰਾਹ ਵਿਚ ਆਣਪਛਾਤੇ ਵਾਹਨ ਨਾਲ ਟੱਕਰ ਹੋਣ ਕਾਰਨ ਬੀਰਬਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੂਜੇ ਸਾਥੀ ਸ਼ਮਸ਼ੇਰ ਸਿੰਘ ਨੂੰ ਏਮਜ਼ ਬਠਿੰਡਾ ਰੈਫਰ ਕੀਤਾ ਗਿਆ ਹੈ।