ਪੱਤਰ ਪ੍ਰੇਰਕ
ਮਾਨਸਾ, 22 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਸਾਬਕਾ ਫੌਜੀ ਨਾਲ ਧੋਖਾਧੜੀ ਕਰਕੇ ਜਮ੍ਹਾਂ ਕਰਵਾਈ ਰਾਸ਼ੀ ਨਾ ਦੇਣ ’ਤੇ ਮਾਨਸਾ ਦੀ ਕਚਹਿਰੀ ਰੋਡ ਸਥਿਤ ਇੱਕ ਪ੍ਰਾਈਵੇਟ ਬੈਂਕ ਦਾ ਘਿਰਾਓ ਕਰਕੇ ਧਰਨਾ ਲਾਇਆ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਆਗੂ ਬਲਜੀਤ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬਲਜੀਤ ਕੌਰ ਪਤਨੀ ਸੁਖਵੀਰ ਸਿੰਘ ਵਾਸੀ ਭੈਣੀਬਾਘਾ ਨੇ 5 ਲੱਖ ਅਤੇ ਜਗਰੂਪ ਸਿੰਘ ਪੁੱਤਰ ਤੋਤਾ ਸਿੰਘ ਵਾਸੀ ਉੱਭਾ ਨੇ 5 ਲੱਖ ਰੁਪਏ ਐੱਫਡੀ ਕਰਵਾਉਣ ਲਈ 2018 ਵਿੱਚ ਬੈਂਕ ’ਚ ਚੈੱਕਾਂ ਦੇ ਰੂਪ ਵਿੱਚ ਜਮ੍ਹਾਂ ਕਰਵਾਏ ਸਨ। ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਜਮ੍ਹਾਂ ਰਾਸ਼ੀ ਉੱਪਰ 8.75 ਫੀਸਦ ਵਿਆਜ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਪੜਚੋਲ ਕਰਨ ਉਪਰੰਤ ਪਤਾ ਲੱਗਾ ਕਿ ਬੈਂਕ ਵੱਲੋਂ ਰਾਸ਼ੀ ਆਪਣੇ ਕੋਲ ਜਮ੍ਹਾਂ ਕਰਨ ਦੀ ਬਜਾਏ ਇੱਕ ਫਾਇਨਾਂਸ ਕੰਪਨੀ ਵਿੱਚ ਲਗਾਈ ਗਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪਰਿਵਾਰ ਬੈਂਕ ਤੋਂ ਆਪਣੇ ਜਮ੍ਹਾਂ ਕਰਵਾਏ ਪੈਸੇ ਕਢਵਾਉਣ ਆਏ ਤਾਂ ਇਸ ਬੈਂਕ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਪੈਸੇ ਵਾਪਸ ਕਰਨ ਦੀ ਬਜਾਏ ਕਿਹਾ ਕਿ ਫਾਇਨਾਂਸ ਕੰਪਨੀ ਦੀਵਾਲੀਆ ਹੋ ਚੁੱਕੀ ਹੈ, ਇਸ ਕਰਕੇ ਬੈਂਕ ਕਿਸੇ ਵੀ ਰਾਸ਼ੀ ਦੀ ਜ਼ਿੰਮੇਵਾਰ ਨਹੀਂ ਹੈ। ਇਸ ਮੌਕੇ ਮੱਖਣ ਸਿੰਘ ਭੈਣੀਬਾਘਾ, ਲੀਲਾ ਸਿੰਘ ਮੂਸਾ, ਗੁਰਚੇਤ ਸਿੰਘ ਚੁਕੇਰੀਆਂ ਤੇ ਲਾਭ ਸਿੰਘ ਖਿਆਲਾ ਕਲਾਂ ਆਦਿ ਨੇ ਸੰਬੋਧਨ ਕੀਤਾ।