ਪੱਤਰ ਪ੍ਰੇਰਕ
ਜੈਤੋ, 22 ਜੁਲਾਈ
ਇੱਥੋਂ ਦੇ ਵਾਰਡ ਨੰਬਰ-5 ਦੇ ਵਸਨੀਕ ਕੁਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਨੇ ਐੱਸਐੱਸਪੀ ਫ਼ਰੀਦਕੋਟ ਨੂੰ ਕੀਤੀ ਸ਼ਿਕਾਇਤ ਰਾਹੀਂ ਫਾਇਨਾਂਸ ਕੰਪਨੀ ’ਤੇ ਉਸ ਦੇ ਟਰੱਕ ਨੂੰ ਧੋਖੇ ਨਾਲ ਕਬਜ਼ੇ ’ਚ ਕਰਨ ਬਾਅਦ ਅੱਗੇ ਵੇਚਣ ਦਾ ਦੋਸ਼ ਲਾਇਆ ਹੈ। ਲਿਖ਼ਤੀ ਸ਼ਿਕਾਇਤ ’ਚ ਉਸ ਨੇ ਜ਼ਿਕਰ ਕੀਤਾ ਹੈ ਕਿ ਉਸ ਨੇ ਇੱਕ ਟਰੱਕ ਟਾਟਾ ਐਲਪੀਐੱਸ ਟਾਟਾ ਮੋਟਰਜ਼ ਲਿਮਟਿਡ ਤੋਂ ਖਰੀਦਿਆ ਸੀ, ਜਿਸ ਦੀ ਰਜਿਸਟ੍ਰੇਸ਼ਨ ਕਾਪੀ ਉਸ ਦੇ ਨਾਂਅ ’ਤੇ ਆਰਟੀਏ ਫ਼ਰੀਦਕੋਟ ਰਾਹੀਂ ਬਣੀ ਹੋਈ ਸੀ ਅਤੇ ਟਰੱਕ ’ਤੇ ਲੋਨ ਬਠਿੰਡਾ ਦੀ ਇੱਕ ਫਾਇਨਾਂਸ ਕੰਪਨੀ ਤੋਂ ਕਰਵਾਇਆ ਸੀ। ਉਸ ਨੇ ਕਿਹਾ ਕਿ ਕੰਮਕਾਜ ’ਚ ਮੰਦਾ ਹੋਣ ਕਰਕੇ ਉਹ ਟਰੱਕ ਦੀ ਇੱਕ ਕਿਸ਼ਤ ਸਮੇਂ ਸਿਰ ਨਹੀਂ ਭਰ ਸਕਿਆ ਤਾਂ ਲੋਨ ਕੰਪਨੀ ਵਾਲੇ ਉਸ ਕੋਲ ਆਏ ਤੇ ਕਿਸ਼ਤ ਜਮ੍ਹਾਂ ਕਰਾਉਣ ਲਈ ਕਿਹਾ। ਉਸ ਨੇ ਹਾਲਾਤ ਦੇ ਹਵਾਲੇ ਨਾਲ ਕਿਸ਼ਤ ਵਿਆਜ ਸਮੇਤ ਭਰਨ ਦਾ ਵਾਅਦਾ ਕੀਤਾ ਪਰ ਕੰਪਨੀ ਵਾਲੇ ਨਹੀਂ ਮੰਨੇ ਅਤੇ ਕਥਿਤ ਜਬਰਦਸਤੀ ਨਾਲ ਉਹ ਟਰੱਕ ਲੈ ਗਏ। ਕੁਲਵਿੰਦਰ ਅਨੁਸਾਰ ਕੁਝ ਦਿਨਾਂ ’ਚ ਉਹ ਕਿਸ਼ਤ ਦੀ ਰਾਸ਼ੀ ਇਕੱਠੀ ਕਰਕੇ ਫਾਇਨਾਂਸ ਕੰਪਨੀ ਦੇ ਦਫ਼ਤਰ ਗਿਆ ਅਤੇ ਪਰ ਉਨ੍ਹਾਂ ਅੱਗੋਂ ਕਰਜ਼ ਦੀ ਪੂਰੀ ਰਾਸ਼ੀ ਜਮ੍ਹਾਂਂ ਕਰਾਉਣ ਲਈ ਕਹਿ ਦਿੱਤਾ। ਕੁਲਵਿੰਦਰ ਨੇ ਖੁਲਾਸਾ ਕੀਤਾ ਕਿ ਆਰਟੀਏ ਬਠਿੰਡਾ ਰਾਹੀਂ ਟਰੱਕ ਅੱਗੇ ਵੇਚੇ ਜਾਣ ਦਾ ਪਤਾ ਲੱਗਾ ਹੈ।