ਟ੍ਰਿ੍ਰਬਿੂਊਨ ਨਿਊਜ਼ ਸਰਵਿਸ
ਲੁਧਿਆਣਾ, 22 ਜੁਲਾਈ
ਮਹਿਲਾ ਦੋਸਤ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਇੱਕ ਵਿਅਕਤੀ ਨੇ ਆਪਣੇ ਜੀਜੇ ਨਾਲ ਮਿਲ ਕੇ ਉਸ ਨਾਲ ਜਬਰ ਜਨਾਹ ਕੀਤਾ। ਮੁਲਜ਼ਮਾਂ ਨੇ ਲੜਕੀ ਨੂੰ ਝਾਂਸਾ ਦਿੱਤਾ ਕਿ ਉਸਦਾ ਇੰਗਲੈਂਡ ਦਾ ਵੀਜ਼ਾ ਆ ਗਿਆ ਹੈ ਤੇ ਉਹ ਉਸਨੂੰ ਸਿੱਧਾ ਹਵਾਈ ਅੱਡੇ ’ਤੇ ਮਿਲੇਗਾ ਜਿਸ ਲਈ ਮੁਲਜ਼ਮਾਂ ਨੇ ਪੰਜ ਲੱਖ ਰੁਪਏ ਕੈਸ਼ ਲੈ ਲਏ ਤੇ ਦਿੱਲੀ ਹਵਾਈ ਅੱਡੇ ’ਤੇ ਜਾਂਦੇ ਸਮੇਂ ਅੰਬਾਲਾ ’ਚ ਆਪਣੇ ਪਿਤਾ ਨੂੰ ਫੜਾ ਦਿੱਤੇ ਜਿਸ ਤੋਂ ਬਾਅਦ ਮੁਲਜ਼ਮ ਦਿੱਲੀ ਹਵਾਈ ਅੱਡੇ ’ਤੇ ਪੀੜਤਾ ਨੂੰ ਛੱਡ ਕੇ ਫ਼ਰਾਰ ਹੋ ਗਏ। ਪਰਿਵਾਰ ਨੇ ਥਾਣਾ ਡੇਹਲੋਂ ਪੁਲੀਸ ਨੂੰ ਇਸਦੀ ਸ਼ਿਕਾਇਤ ਦਿੱਤੀ। ਪੁਲੀਸ ਨੇ ਇਸ ਮਾਮਲੇ ’ਚ ਮਜ਼ਾਰਾ ਸਾਹਨੇਵਾਲ ਵਾਸੀ ਜਤਿੰਦਰ ਸਿੰਘ ਤੇ ਉਸਦੇ ਜੀਜਾ ਮੱਖਣ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਪੀੜਤਾ ਦੀ ਮੈਡੀਕਲ ਜਾਂਚ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੀੜਤਾ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮੁਲਜ਼ਮ ਜਤਿੰਦਰ ਸਿੰਘ ਨਾਲ ਉਸਦੀ ਦੋਸਤੀ ਸੀ। ਉਹ ਵਿਦੇਸ਼ ਜਾਣਾ ਚਾਹੁੰਦੀ ਸੀ ਤਾਂ ਮੁਲਜ਼ਮ ਨੇ ਉਸਨੂੰ ਵਿਦੇਸ਼ ਜਾਣ ਦਾ ਝਾਂਸਾ ਦਿੱਤਾ। ਮੁਲਜ਼ਮ ਨੇ ਉਸਨੂੰ ਕਿਹਾ ਕਿ ਉਸਦਾ ਇੰਗਲੈਂਡ ਦਾ ਵੀਜ਼ਾ ਆ ਚੁੱਕਿਆ ਹੈ। ਇੱਕ ਮਈ ਨੂੰ ਮੁਲਜ਼ਮ ਉਸਨੂੰ ਆਪਣੇ ਘਰ ਲੈ ਗਿਆ ਤੇ ਫਿਰ ਟਿੱਬਾ ਨਹਿਰ ਪੁੱਲ ਕੋਲ ਇੱਕ ਹੋਟਲ ’ਚ ਲੈ ਗਿਆ ਜਿੱਥੇ ਮੁਲਜ਼ਮ ਜਤਿੰਦਰ ਸਿੰਘ ਤੇ ਉਸਦੇ ਜੀਜਾ ਮੱਖਣ ਨੇ ਉਸਦੇ ਨਾਲ ਜਬਰ-ਜਨਾਹ ਕੀਤਾ। ਮੁਲਜ਼ਮਾਂ ਨੇ ਬਾਅਦ ’ਚ ਉਸਨੂੰ ਧਮਕੀਆਂ ਦਿੱਤੀਆਂ ਤੇ ਉਸਨੂੰ ਹਵਾਈ ਅੱਡੇ ’ਤੇ ਲਿਜਾਣ ਲਈ ਨਿਕਲੇ। ਰਸਤੇ ’ਚ ਅੰਬਾਲਾ ਪੁੱਜੇ ਤਾਂ ਮੁਲਜ਼ਮ ਜਤਿੰਦਰ ਦੇ ਪਿਤਾ ਨੇ ਉਸ ਤੋਂ 5 ਲੱਖ ਰੁਪਏ ਲੈ ਲਏ ਜਿਸ ਤੋਂ ਬਾਅਦ ਮੁਲਜ਼ਮ ਉਸਨੂੰ ਹਵਾਈ ਅੱਡੇ ’ਤੇ ਲੈ ਗਏ ਤੇ ਉੱਥੇ ਛੱਡ ਕੇ ਫ਼ਰਾਰ ਹੋ ਗਏ। ਪੀੜਤਾ ਲੁਧਿਆਣਾ ਪੁੱਜੀ ਤੇ ਜਾਣਕਾਰੀ ਪੁਲੀਸ ਨੂੰ ਦਿੱਤੀ।