ਪੱਤਰ ਪ੍ਰੇਰਕ
ਪਾਇਲ, 22 ਜੁਲਾਈ
ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿੱਚ ਤਿੰਨ ਰੋਜ਼ਾ ਨਾਦ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪਹਿਲੇ ਦੋ ਦਿਨ ਭਾਈ ਉਰਵਿੰਦਰ ਸਿੰਘ ਅਤੇ ਭਾਈ ਪਰਵਿੰਦਰ ਸਿੰਘ ਵਾਸੀ ਲੁਧਿਆਣਾ ਨੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ‘ਮੈਂ ਕੁਝ ਕਰਨਾ ਹੈ, ਮੈਂ ਕੁਝ ਬਣਨਾ ਹੈ’ ਵਿਸ਼ੇ ਬਾਰੇ ਸੰਬੋਧਨ ਕੀਤਾ। ਤੀਜੇ ਦਿਨ ਡਾ. ਸਰਬਜੀਤ ਸਿੰਘ (ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੱਤਰਕਾਰੀ ਵਿਭਾਗ ਦੇ ਮੁਖੀ) ਨੇ ਸਕੂਲ ਦੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜ਼ਿੰਦਗੀ ਵਿੱਚ ਗੁਰਬਾਣੀ, ਸਕੂਨ, ਆਨੰਦ ਤੇ ਖੁਸ਼ੀਆਂ ਆਦਿ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਨਾਦ ਸੰਸਥਾ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗੁਰਬਾਣੀ ਨਾਲ ਸਬੰਧਤ ਲਿਟਰੇਚਰ ਅਤੇ ਕਿਤਾਬਾਂ ਵੰਡੀਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਨੇਹਾ ਢੱਲ ਅਤੇ ਸਮੂਹ ਸਟਾਫ਼ ਨੇ ਨਾਦ ਸੰਸਥਾ ਦੇ ਡਾ. ਸਰਬਜੀਤ ਸਿੰਘ, ਭਾਈ ਉਰਵਿੰਦਰ ਸਿੰਘ ਅਤੇ ਭਾਈ ਪਰਵਿੰਦਰ ਸਿੰਘ ਨੂੰ ਜੀ ਆਇਆਂ ਆਖਿਆ ਅਤੇ ਸਨਮਾਨਿਤ ਕਰਦਿਆਂ ਧੰਨਵਾਦ ਕੀਤਾ।