ਜੋਗਿੰਦਰ ਸਿੰਘ ਮਾਨ
ਮਾਨਸਾ, 22 ਜੁਲਾਈ
ਕਪਾਹ ਪੱਟੀ ਵਿੱਚ ਨਰਮੇ ਦੀ ਫ਼ਸਲ ’ਤੇ ਹੁਣ ਚਿੱਟੀ ਮੱਖੀ ਨੇ ਹਮਲਾ ਕਰ ਦਿੱਤਾ ਹੈ। ਬੀਟੀ ਕਾਟਨ ’ਤੇ ਚਿੱਟੀ ਮੱਖੀ ਦਾ ਹਮਲੇ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਪਿੰਡਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ। ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਫਫੜੇ ਭਾਈਕੇ, ਬੱਪੀਆਣਾ, ਕੋਟਲੱਲੂ, ਦਲੇਲਸਿੰਘਵਾਲਾ ਵਿੱਚ ਨਰਮੇ ’ਤੇ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਹੈ, ਜਿਸ ਨਾਲ ਨਰਮੇ ਦੇ ਪੱਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
ਇਸ ਤੋਂ ਪਹਿਲਾਂ ਫ਼ਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਪੰਜਾਬ ਸਰਕਾਰ ਦੀਆਂ ਵਿਸ਼ੇਸ ਟੀਮਾਂ ਵੱਲੋਂ ਅੱਠ ਜ਼ਿਲ੍ਹਿਆਂ ਮਾਨਸਾ ਤੋਂ ਇਲਾਵਾ ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ, ਫਾਜ਼ਿਲਕਾ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦਾ ਦੌਰਾ ਕੀਤਾ ਗਿਆ ਸੀ ਜਿਸ ਦੌਰਾਨ ਭਾਵੇਂ ਇੱਕਾ-ਦੁੱਕਾ ਥਾਵਾਂ ’ਤੇ ਚਿੱਟੀ ਮੱਖੀ ਦੇ ਮਾਮਲੇ ਵੀ ਸਾਹਮਣੇ ਆਏ ਸਨ, ਪਰ ਮਹਿਕਮੇ ਦੇ ਮਾਹਿਰਾਂ ਵੱਲੋਂ ਇਸ ਨੂੰ ਈਟੀਐੱਲ ਲੈਵਲ ਤੋਂ ਥੱਲੇ ਕਰਾਰ ਦਿੱਤਾ ਗਿਆ ਸੀ। ਪੰਜਾਬ ਕਿਸਾਨ ਯੂਨੀਅਨ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿੰਡ ਠੂਠਿਆਂਵਾਲੀ, ਭੈਣੀਬਾਘਾ, ਘੁੰਮਣ, ਸੱਦਾ ਸਿੰਘ ਵਾਲਾ, ਭਾਈਦੇਸਾ, ਕੋਟਲੀ ਕਲਾਂ, ਕੋਟਲੀ ਖੁਰਦ ਦੇ ਖੇਤਾਂ ਵਿੱਚ ਜਾਣ ਤੋਂ ਪਤਾ ਲੱਗਦਾ ਹੈ ਕਿ ਗੁਲਾਬੀ ਸੁੰਡੀ ਦੇ ਨਾਲ-ਨਾਲ ਚਿੱਟੀ ਮੱਖੀ ਦੇ ਹਮਲੇ ਨਾਲ ਨਰਮੇ ਦੀ ਫ਼ਸਲ ਦਾ ਕੱਦ ਵਧਣਾ ਰੁਕ ਗਿਆ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਨੂੰ ਲਗਾਤਾਰ ਖੇਤਾਂ ਵਿੱਚ ਰਹਿਣ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਨਰਮੇ ’ਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਲਈ ਸਬਸਿਡੀ ’ਤੇ ਕੀਟਨਾਸ਼ਕ ਦਵਾਈ ਮੁਹੱਈਆ ਕਰਵਾਈ ਜਾਵੇ। ਇਸੇ ਦੌਰਾਨ ਖੇਤੀਬਾੜੀ ਵਿਭਾਗ ਦੇ ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਖੇਤਾਂ ਦਾ ਦੌਰਾ ਕਰਨ ਤੋਂ ਪਿੱਛੋਂ ਦੱਸਿਆ ਕਿ ਚਿੱਟੀ ਮੱਖੀ ਦਾ ਭਾਵੇਂ ਕਿਤੇ-ਕਿਤੇ ਹਮਲਾ ਹੋ ਗਿਆ ਹੈ, ਪਰ ਇਹ ਫਿਲਹਾਲ ਕੰਟਰੋਲ ਹੇਠ ਹੈ, ਇਸ ਤੋਂ ਕਿਸਾਨਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨਰਮੇ ’ਤੇ ਨਿੰਮ ਦੀਆਂ ਨਿਮੋਲੀਆਂ ਦੀ ਸਪਰੇਅ ਕਰ ਸਕਦੇ ਹਨ। ਖੇਤੀਬਾੜੀ ਮਹਿਕਮੇ ਦੇ ਮਹਿਰਾਂ ਨੇ ਕਿਹਾ ਕਿ ਨਰਮੇ ’ਤੇ ਰਸ ਚੂਸਣ ਵਾਲੇ ਕੀੜਿਆਂ ਵਿਚੋਂ ਚਿੱਟੀ ਮੱਖੀ ਬਹੁਤ ਖ਼ਤਰਨਾਕ ਹੈ ਅਤੇ ਇਹ ਜੁਲਾਈ ਤੋਂ ਸਤੰਬਰ ਦੇ ਮਹੀਨੇ ਤੱਕ ਇਸ ਫ਼ਸਲ ਦਾ ਨੁਕਸਾਨ ਕਰ ਸਕਦੇ ਹਨ।