ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਜੁਲਾਈ
ਚੰਡੀਗੜ੍ਹ ਲਲਿਤ ਕਲਾ ਅਕਾਦਮੀ ਵੱਲੋਂ ਸਾਲਾਨਾ ਕਲਾ ਪ੍ਰਦਰਸ਼ਨੀ 2023-24 ਦੇ ਜੇਤੂਆਂ ਨੂੰ ਅੱਜ ਚੰਡੀਗੜ੍ਹ ਵਿੱਚ ਪੰਜਾਬ ਕਲਾ ਭਵਨ ਵਿੱਚ ਸਨਮਾਨਿਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਮੁੱਖ ਮਹਿਮਾਨ ਵਜੋਂ ਪਹੁੰਚੇ ਜਦੋਂਕਿ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਨ੍ਹਾਂ ਨੇ ਕਲਾ ਪ੍ਰਦਰਸ਼ਨੀ ਦੇ ਜੇਤੂਆਂ ਦਾ ਸਨਮਾਨ ਕੀਤਾ। ਸ੍ਰੀ ਪੁਰੋਹਿਤ ਨੇ ਇਸ ਸਨਮਾਨ ਸਮਾਰੋਹ ਦਾ ਹਿੱਸਾ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਸ੍ਰੀ ਪੁਰੋਹਿਤ ਨੇ ਕਿਹਾ ਕਿ ਕਲਾ ਵਿੱਚ ਪ੍ਰੇਰਨਾ ਦੇਣ ਤੇ ਸਾਰਿਆਂ ਨੂੰ ਇਕਜੁੱਟ ਕਰਨ ਦੀ ਸ਼ਕਤੀ ਹੁੰਦੀ ਹੈ। ਇਸੇ ਲਈ ਕਲਾਕਾਰਾਂ ਵੱਲੋਂ ਆਪਣੀ ਕਲਾ ਰਾਹੀ ਆਪਣੇ ਜੀਵਨ ਨੂੰ ਹੀ ਉੱਚਾਈ ’ਤੇ ਨਹੀਂ ਪਹੁੰਚਾਇਆ ਗਿਆ ਬਲਕਿ ਵੱਡੀ ਗਿਣਤੀ ਵਿੱਚ ਲੋਕਾਂ ਦੇ ਜੀਵਨ ਨੂੰ ਵੀ ਉੱਚਾਈ ’ਤੇ ਜਾਣ ਲਈ ਦਿਸ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਲਾ ਪ੍ਰਦਰਸ਼ਨੀ ਵਿੱਚ ਵੱਖ-ਵੱਖ ਮਾਧਿਅਮ ਰਾਹੀ ਵੱਖ-ਵੱਖ ਵਿਸ਼ਿਆਂ ਦੀ ਕਲਾਕਾਰੀ ਸਭ ਦੇ ਸਾਹਮਣੇ ਪੇਸ਼ ਕੀਤੀ ਗਈ ਹੈ। ਯੂਟੀ ਦੇ ਪ੍ਰਸ਼ਾਸਕ ਨੇ ਸਾਰਿਆਂ ਨੂੰ ਕਲਾ ਦੇ ਖੇਤਰ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਦੀ ਅਪੀਲ ਕੀਤੀ।
ਚੰਡੀਗੜ੍ਹ ਲਲਿਤ ਕਲਾ ਅਕਾਦਮੀ ਵੱਲੋਂ ਸਭ ਤੋਂ ਵਧੀਆਂ ਪੇਸ਼ਕਾਰੀ ਕਰਨ ਵਾਲੇ ਤਿੰਨ ਜਣਿਆਂ ਨੂੰ 50-50 ਹਜ਼ਾਰ ਰੁਪਏ, ਮੈਰਿਟ ਵਿੱਚ ਆਉਣ ਵਾਲੇ ਚਾਰ ਕਲਾਕਾਰਾਂ ਨੂੰ 20-20 ਹਜ਼ਾਰ ਰੁਪਏ ਅਤੇ ਇਕ ਦਿਵਿਆਂਗ ਕਲਾਕਾਰ ਨੂੰ 10 ਹਜ਼ਾਰ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਤਿੰਨ ਕਲਾਕਾਰਾਂ ਨੂੰ ਅੰਮ੍ਰਿਤਾ ਸ਼ੇਰਗਿੱਲ ਸਨਮਾਨ ਨਾਲ ਸਨਮਾਨਿਆ ਗਿਆ ਹੈ।