ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 22 ਜੁਲਾਈ
ਆਰੀਆ ਕੰਨਿਆ ਕਾਲਜ ਦੀ ਐੱਨਐੱਸਐੱਸ ਇਕਾਈ ਨੇ ਕਾਲਜ ਦੇ ਵਿਹੜੇ ਵਿਚ ਪੌਦੇ ਲਾ ਕੇ ਵਣ ਮਹਾਉਤਸਵ ਮਨਾਇਆ। ਵਾਲੰਟੀਅਰਾਂ ਨੇ ਵੱਖ-ਵੱਖ ਕਿਸਮਾਂ ਦੇ 40 ਪੌਦੇ ਲਾ ਕੇ ਵਾਤਾਵਰਨ ਤੇ ਕੁਦਰਤ ਦੀ ਸੁਰੱਖਿਆ ਦਾ ਸੰਦੇਸ਼ ਦਿੱਤਾ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਪੌਦੇ ਲਾਉਣ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਹਰ ਵਿਅਕਤੀ ਨੂੰ ਇੱਕ ਪੌਦਾ ਜ਼ਰੂਰ ਲਾਉਣਾ ਚਾਹੀਦਾ ਹੈ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਧਰਤੀ ਤੇ ਵੱਧ ਤੋਂ ਵੱਧ ਪੌਦੇ ਲਾਏ ਜਾਣ ਤੇ ਵਾਤਾਵਰਨ ਦੀ ਸੰਭਾਲ ਕੀਤੀ ਜਾ ਸਕੇ। ਡਾ. ਆਰਤੀ ਤਰੇਹਨ ਨੇ ਵਿਦਿਆਰਥਣਾਂ ਨੂੰ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਵਾਤਾਵਰਨ ਸਾਡੀ ਅਨਮੋਲ ਵਿਰਾਸਤ ਹੈ, ਜਿਸ ਨੂੰ ਸੰਭਾਲਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਜਦੋਂ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਤਾਂ ਮਨੁੱਖਾਂ ਸਣੇ ਪਸ਼ੂ ਪੰਛੀਆਂ ਨੂੰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਹਨ ਤੇ ਪੌਦੇ ਲਗਾਉਣ ਤੋਂ ਬਾਦ ਉਨ੍ਹਾਂ ਪੌਦਿਆਂ ਦੀ ਦੇਖ ਭਾਲ ਵੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਜਿਵੇਂ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਰਦੇ ਹਾਂ ਉਸੇ ਤਰ੍ਹਾਂ ਸਾਨੂੰ ਪੌਦਿਆਂ ਦੀ ਦੇਖਭਾਲ ਕਰਦੇ ਰਹਿਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਸਭ ਨੂੰ ਆਪਣੇ ਜਨਮ ਦਿਨ ਮੌਕੇ ਜਾਂ ਹੋਰ ਵਿਸ਼ੇਸ਼ ਦਿਨਾਂ ’ਤੇ ਵੀ ਪੌਦੇ ਲਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇ ਇਹ ਧਰਤੀ ਹਰੀ ਭਰੀ ਹੋ ਜਾਏਗੀ ਤਾਂ ਧਰਤੀ ਤੇ ਰਹਿਣ ਵਾਲੇ ਜੀਵ ਜੰਤੂਆਂ ਦਾ ਜੀਵਨ ਵੀ ਹਰਿਆ ਭਰਿਆ ਹੋ ਜਾਏਗਾ।
ਐੱਨਐੱਸਐੱਸ ਪ੍ਰੋਗਰਾਮ ਅਧਿਕਾਰੀ ਡਾ. ਪੂਨਮ ਸਿਵਾਚ ਤੇ ਡਾ. ਹੇਮਾ ਮੁਖੀਜਾ ਨੇ ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪੌਦੇ ਲਾਉਣ ਦੀ ਇਸ ਪਹਿਲ ਨਾਲ ਨਾ ਅਸੀਂ ਸਿਰਫ ਕੁਦਰਤੀ ਸੰਸਧਾਨਾਂ ਦੀ ਹਿਫਾਜਤ ਕਰਦੇ ਹਾਂ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ ਸੁਥਰੇ ਤੇ ਸਵੱਛ ਵਾਤਾਵਰਨ ਦੀ ਸਿਰਜਣਾ ਵੀ ਕਰ ਰਹੇ ਹਾਂ।’’ ਇਸ ਮੌਕੇ ਅਰਜਨ, ਅਮਰੂਦ, ਆਂਵਲਾ, ਜਮੋਆ, ਸਿਲਵਰ ਓਕ, ਨਿੰਮ ,ਜਾਮੁਨ, ਸੁਹਾਂਜਨਾ ਆਦਿ ਦੇ ਬੂਟੇ ਲਾਏ ਗਏ। ਵਾਲੰਟੀਅਰਾਂ ਨੇ ਪੌਦੇ ਲਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਦੀ ਸਹੁੰ ਵੀ ਚੁੱਕੀ।