ਨਵੀਂ ਦਿੱਲੀ, 23 ਜੁਲਾਈ
ਦਿੱਲੀ ਹਾਈ ਕੋਰਟ ਨੇ ਅੱਜ ਗੂਗਲ ਅਤੇ ਐਕਸ (ਪਹਿਲਾਂ ਟਵਿੱਟਰ) ਨੂੰ ਓਮ ਬਿਰਲਾ ਦੀ ਧੀ ਅੰਜਲੀ ਬਿਰਲਾ ਦੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਦਾ ਝੂਠਾ ਦੋਸ਼ ਲਗਾਉਣ ਵਾਲੀਆਂ ਪੋਸਟਾਂ ਜਾਂ ਸਮੱਗਰੀ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਇਨ੍ਹਾਂ ਪੋਸਟਾਂ ਵਿਚ ਕਿਹਾ ਗਿਆ ਸੀ ਕਿ ਅੰਜਲੀ ਨੇ ਆਪਣੇ ਪਿਤਾ ਦੇ ਪ੍ਰਭਾਵ ਕਾਰਨ ਪਹਿਲੀ ਕੋਸ਼ਿਸ਼ ਵਿਚ ਹੀ ਇਹ ਪ੍ਰੀਖਿਆ ਪਾਸ ਕੀਤੀ। ਜਸਟਿਸ ਨਵੀਨ ਚਾਵਲਾ ਦੇ ਬੈਂਚ ਨੇ ਅੰਤਰਿਮ ਹੁਕਮ ਜਾਰੀ ਕਰਦਿਆਂ 24 ਘੰਟਿਆਂ ਦੇ ਅੰਦਰ ਅੰਦਰ ਅਜਿਹੀਆਂ ਪੋਸਟਾਂ ਤੇ ਸਮੱਗਰੀ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਅੰਜਲੀ ਬਿਰਲਾ ਆਈਆਰਪੀਐਸ ਅਧਿਕਾਰੀ ਹੈ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਧੀ ਹੈ। ਉਸ ਨੇ ਦਿੱਲੀ ਹਾਈ ਕੋਰਟ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਉਸ ਨੇ ਉਸ ’ਤੇ ਝੂਠੇ ਦੋਸ਼ ਲਾਉਣ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਹਟਾਉਣ ਦੀ ਮੰਗ ਕੀਤੀ।