ਨਵੀਂ ਦਿੱਲੀ:
ਨਵੇਂ ਟੈਕਸ ਪ੍ਰਬੰਧ ਤਹਿਤ ਨਵੀਂ ਪੈਨਸ਼ਨ ਯੋਜਨਾ (ਐੱਨਪੀਐੱਸ) ਨੂੰ ਹੋਰ ਜ਼ਿਆਦਾ ਲੁਭਾਉਣੀ ਬਣਾਉਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰੁਜ਼ਗਾਰ ਦਾਤਿਆਂ ਦੇ ਯੋਗਦਾਨ ਲਈ ਟੈਕਸ ਕਟੌਤੀ 10 ਫੀਸਦ ਤੋਂ ਵਧਾ ਕੇ 14 ਫੀਸਦ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਮੰਤਰੀ ਨੇ ਨਾਲ ‘ਐੱਨਪੀਐੱਸ-ਵਾਤਸਲਯ’ ਯੋਜਨਾ ਸ਼ੁਰੂ ਕਰਨ ਦੀ ਤਜਵੀਜ਼ ਪੇਸ਼ ਕੀਤੀ ਜਿਸ ਵਿੱਚ ਮਾਤਾ-ਪਿਤਾ ਤੇ ਨਿਗਰਾਨ ਬੱਚਿਆਂ ਲਈ ਯੋਗਦਾਨ ਪਾਉਣਗੇ ਅਤੇ ਬੱਚੇ ਦੇ ਬਾਲਗ ਹੋਣ ’ਤੇ ਇਸ ਯੋਜਨਾ ਨੂੰ ਸਧਾਰਨ ਐੱਨਪੀਐੱਸ ਖਾਤੇ ’ਚ ਤਬਦੀਲ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਲਾਭਾਂ ’ਚ ਸੁਧਾਰ ਲਈ, ਐੱਨਪੀਐੱਸ ਲਈ ਰੁਜ਼ਗਾਰ ਦਾਤਿਆਂ ਦੇ ਯੋਗਦਾਨ ਦੀ ਕਟੌਤੀ ਨੂੰ ਮੁਲਾਜ਼ਮ ਦੀ ਤਨਖਾਹ ਦੇ 10 ਫੀਸਦ ਹਿੱਸੇ ਤੋਂ ਵਧਾ ਕੇ 14 ਫੀਸਦ ਕਰਨ ਦੀ ਤਜਵੀਜ਼ ਹੈ। ਇਸੇ ਤਰ੍ਹਾਂ ਨਵੀਂ ਟੈਕਸ ਪ੍ਰਣਾਲੀ ਚੁਣਨ ਵਾਲੇ ਮੁਲਾਜ਼ਮਾਂ ਦੀ ਤਨਖਾਹ ਦੇ 14 ਫੀਸਦ ਹਿੱਸੇ ਤੱਕ ਦੀ ਕਟੌਤੀ ਦੀ ਤਜਵੀਜ਼ ਹੈ। -ਪੀਟੀਆਈ