ਪੱਤਰ ਪ੍ਰੇਰਕ
ਮਾਛੀਵਾੜਾ, 23 ਜੁਲਾਈ
ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਨਵੇਂ ਜਾਰੀ ਕੀਤੇ ਨਿਰਦੇਸ਼ਾਂ ਤਹਿਤ ਮਾਛੀਵਾੜਾ ਸਬ-ਤਹਿਸੀਲ ਅਧੀਨ ਆਉਂਦੇ ਪੇਂਡੂ ਤੇ ਸ਼ਹਿਰੀ ਖੇਤਰ ਦੀਆਂ ਜਾਇਦਾਦਾਂ ਦੇ ਰੇਟ 10 ਤੋਂ 15 ਫੀਸਦੀ ਰੇਟ ਵਧਾ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਸਬ-ਤਹਿਸੀਲ ਅਧੀਨ ਆਉਂਦੇ ਪਿੰਡਾਂ ਦੀਆਂ ਜ਼ਮੀਨਾਂ ਦੀ ਰਜਿਸਟਰੀ ਕਰਵਾਉਣ ਲਈ ਹੁਣ 10 ਤੋਂ 15 ਫੀਸਦੀ ਵਾਧੂ ਅਸ਼ਟਾਮ ਲੱਗੇਗਾ। ਦੂਸਰੇ ਪਾਸੇ ਜੇਕਰ ਮਾਛੀਵਾੜਾ ਦੀ ਗੱਲ ਕਰੀਏ ਤਾਂ ਇੱਥੇ ਵੀ ਰਿਹਾਇਸ਼ੀ ਤੇ ਕਮਰਸ਼ੀਅਲ ਰੇਟਾਂ ਵਿੱਚ ਵੀ ਕਾਫ਼ੀ ਵਾਧਾ ਕਰ ਦਿੱਤਾ ਗਿਆ ਹੈ। ਮਾਛੀਵਾੜਾ ਇਲਾਕੇ ਦੀਆਂ ਕਈ ਰਿਹਾਇਸ਼ੀ ਕਲੋਨੀਆਂ ਅਜਿਹੀਆਂ ਹਨ ਜਿੱਥੇ ਪਲਾਟਾਂ ਦੀ ਵਿਕਰੀ 40 ਤੋਂ 50 ਹਜ਼ਾਰ ਰੁਪਏ ਪ੍ਰਤੀ ਮਰਲਾ ਹੁੰਦੀ ਹੈ ਪਰ ਉੱਥੇ ਹੁਣ ਜਾਇਦਾਦਾਂ ਦਾ ਸਰਕਾਰੀ ਰੇਟ 70 ਤੋਂ 80 ਹਜ਼ਾਰ ਰੁਪਏ ਪ੍ਰਤੀ ਮਰਲਾ ਕਰ ਦਿੱਤਾ ਗਿਆ ਹੈ। ਮਾਲ ਵਿਭਾਗ ਵੱਲੋਂ ਕਰੀਬ 3 ਸਾਲ ਪਹਿਲਾਂ ਵੀ ਮਾਛੀਵਾੜਾ ’ਚ ਜਾਇਦਾਦਾਂ ਦੇ ਰੇਟ ਵਧਾਏ ਗਏ ਸਨ ਅਤੇ ਹੁਣ ਇਸ ਸਰਕਾਰ ਨੇ ਵੀ ਰੇਟਾਂ ਵਿੱਚ 10 ਤੋਂ 15 ਫੀਸਦੀ ਦਾ ਵਾਧਾ ਕਰ ਕੇ ਆਮ ਲੋਕਾਂ ’ਤੇ ਆਰਥਿਕ ਬੋਝ ਪਾਇਆ ਹੈ।