ਮੁਕੇਸ਼ ਕੁਮਾਰ
ਚੰਡੀਗੜ੍ਹ, 24 ਜੁਲਾਈ
ਚੰਡੀਗੜ੍ਹ ਵਪਾਰੀ ਏਕਤਾ ਮੰਚ ਦੇ ਅਹੁਦੇਦਾਰਾਂ ਨੇ ਉਦਯੋਗਿਕ ਖੇਤਰ ਫੇਜ਼-2 ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਨੂੰ ਆਪਣਾ ਮੰਗ ਪੱਤਰ ਸੌਂਪਿਆ। ਚੰਡੀਗੜ੍ਹ ਵਪਾਰੀ ਏਕਤਾ ਮੰਚ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਦੱਸਿਆ ਕਿ ਅੱਜ ਚੰਡੀਗੜ੍ਹ ਵਪਾਰੀ ਏਕਤਾ ਮੰਚ ਦੇ ਸਮਾਗਮ ਵਿੱਚ ਮੇਅਰ ਕੁਲਦੀਪ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਚੰਡੀਗੜ੍ਹ ਵਪਾਰਕ ਏਕਤਾ ਮੰਚ ਦੇ ਪ੍ਰਧਾਨ ਯੋਗੇਸ਼ ਕਪੂਰ ਅਤੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਮੇਅਰ ਅਤੇ ਇਲਾਕਾ ਕੌਂਸਲਰ ਨੇਹਾ ਦਾ ਸਵਾਗਤ ਕੀਤਾ ਅਤੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।
ਉਨ੍ਹਾਂ ਦੱਸਿਆ ਕਿ ਮੇਅਰ ਨੂੰ ਮੰਗ ਪੱਤਰ ਸੌਂਪਣ ਦੇ ਨਾਲ-ਨਾਲ ਉਨ੍ਹਾਂ ਉਦਯੋਗਿਕ ਖੇਤਰ ਵਿੱਚ ਵਪਾਰਕ ਭਾਈਚਾਰੇ ਨੂੰ ਦਰਪੇਸ਼ ਕਈ ਅਹਿਮ ਸਮੱਸਿਆਵਾਂ ਜਿਵੇਂ ਕਿ ਕੂੜਾ ਇਕੱਠਾ ਕਰਨ ਦੇ ਵੱਧ ਖ਼ਰਚੇ, ਫਾਇਰ ਪਾਲਿਸੀ ਲਾਗੂ ਕਰਨ, ਜਨਤਕ ਪਖਾਨਿਆਂ ਦੀ ਘਾਟ ਅਤੇ ਪਾਰਕਿੰਗ ਥਾਵਾਂ ਦੀ ਘਾਟ ਬਾਰੇ ਵੀ ਮੇਅਰ ਨਾਲ ਗੱਲਬਾਤ ਕੀਤੀ। ਪ੍ਰੋਗਰਾਮ ਵਿੱਚ ਮੁੱਖ ਤੌਰ ’ਤੇ ਚੰਡੀਗੜ੍ਹ ਵਪਾਰੀ ਏਕਤਾ ਮੰਚ ਤੋਂ ਯੋਗੇਸ਼ ਕਪੂਰ, ਲਘੂ ਉਦਯੋਗ ਭਾਰਤੀ ਤੋਂ ਅਵੀ ਭਸੀਨ, ਫਰਨੀਚਰ ਐਸੋਸੀਏਸ਼ਨ ਤੋਂ ਨਰੇਸ਼ ਕੁਮਾਰ, ਚੰਡੀਗੜ੍ਹ ਇੰਡਸਟਰੀਅਲ ਯੂਥ ਐਸੋਸੀਏਸ਼ਨ ਤੋਂ ਹਰਿੰਦਰ ਸਿੰਘ ਸਲੈਚ, ਇੰਡਸਟਰੀਅਲ ਸ਼ੈੱਡ ਐਸੋਸੀਏਸ਼ਨ ਤੋਂ ਜਰਨੈਲ ਸਿੰਘ, ਕਰੌਕਰੀ ਐਸੋਸੀਏਸ਼ਨ ਤੋਂ ਨਰੇਸ਼ ਗਰਗ ਆਦਿ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਅੰਤ ਵਿੱਚ ਮੇਅਰ ਕੁਲਦੀਪ ਕੁਮਾਰ ਨੇ ਭਰੋਸਾ ਦਿੱਤਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਮੰਗ ਪੱਤਰ ਵਿੱਚ ਦਿੱਤੇ ਕੰਮਾਂ ਨੂੰ ਯਕੀਨੀ ਬਣਾਉਣਗੇ ਤੇ ਸਨਅਤੀ ਖੇਤਰ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਗੇ।