ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਜੁਲਾਈ
ਸਨਅਤੀ ਸ਼ਹਿਰ ਦੀ ਪ੍ਰਮੁੱਖ ਅਕਾਲਗੜ੍ਹ ਮਾਰਕੀਟ ’ਚ ਕਾਪੀ ਰਾਈਟ ਦੀ ਸ਼ਿਕਾਇਤ ਸਬੰਧੀ ਮਾਮਲੇ ’ਚ ਰਾਜਸਥਾਨ ਪੁਲੀਸ ਨੇ ਛਾਪਾ ਮਾਰਿਆ। ਇਸ ਦੌਰਾਨ ਸਥਾਨਕ ਪੁਲੀਸ ਵੀ ਨਾਲ ਮੌਜੂਦ ਸੀ। ਰਾਜਸਥਾਨ ਪੁਲੀਸ ਨੇ ਇਸ ਮਾਮਲੇ ਵਿੱਚ ਉੱਥੇ ਇੱਕ ਕੇਸ ਵੀ ਦਰਜ ਕੀਤਾ ਹੈ। ਉੱਧਰ, ਰਾਜਸਥਾਨ ਪੁਲੀਸ ਦੀ ਛਾਪੇ ਦੀ ਖਬਰ ਮਿਲਦਿਆਂ ਹੀ ਸ਼ਹਿਰ ਦੇ ਕਈ ਮੁੱਖ ਬਾਜ਼ਾਰ ਬੰਦ ਹੋ ਗਏ। ਰਾਜਸਥਾਨ ਪੁਲੀਸ ਦੇ ਜਾਣ ਤੋਂ ਬਾਅਦ ਹੀ ਰੈਡੀਮੇਡ ਕੱਪੜਿਆਂ ਦੀਆਂ ਦੁਕਾਨਾਂ ਖੁੱਲ੍ਹੀਆਂ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਘੰਟਾ ਘਰ, ਅਕਾਲਗੜ੍ਹ ਮਾਰਕੀਟ ਤੇ ਗਾਂਧੀ ਨਗਰ ਮਾਰਕੀਟ ’ਚ ਧੜੱਲੇ ਨਾਲ ਡੀ-ਬ੍ਰਾਂਡ ਵੇਚਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਰਾਜਸਥਾਨ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਤੋਂ ਉਨ੍ਹਾਂ ਨੂੰ ਜਾਅਲੀ ਬ੍ਰਾਂਡ ਦੇ ਕੱਪੜੇ ਮਿਲੇ ਹਨ। ਉਸ ਵਿਅਕਤੀ ਨੇ ਖੁਲਾਸਾ ਕੀਤਾ ਸੀ ਕਿ ਉਹ ਮੰਨਾ ਸਿੰਘ ਨਗਰ ਦੀ ਇੱਕ ਫੈਕਟਰੀ ’ਚੋਂ ਮਾਲ ਲਿਜਾਂਦਾ ਹੈ। ਪੁਲੀਸ ਨੇ ਉਸ ਵਿਅਕਤੀ ਦੇ ਬਿਆਨਾਂ ’ਤੇ ਰਾਜਸਥਾਨ ’ਚ ਕੇਸ ਦਰਜ ਕੀਤਾ ਅਤੇ ਲੁਧਿਆਣਾ ਪੁਲੀਸ ਨਾਲ ਰਾਬਤਾ ਕਾਇਮ ਕਰ ਕੇ ਛਾਪਾ ਮਾਰਿਆ। ਫੈਕਟਰੀ ਮਾਲਕ ਨੂੰ ਪੁਲੀਸ ਗ੍ਰਿਫ਼ਤਾਰ ਕਰਨ ਆਈ ਹੈ, ਪਰ ਹਾਲੇ ਉਹ ਪੁਲੀਸ ਹੱਥੇ ਨਹੀਂ ਚੜ੍ਹਿਆ। ਰਾਜਸਥਾਨ ਪੁਲੀਸ ਨੇ ਉਸ ਫੈਕਟਰੀ ਚਾਲਕ ਦੀ ਅਕਾਲਗੜ੍ਹ ਮਾਰਕੀਟ ’ਚ ਬਣੀ ਦੁਕਾਨ ’ਤੇ ਵੀ ਛਾਪਾ ਮਾਰਿਆ। ਪੁਲੀਸ ਦੇ ਆਉਣ ਤੋਂ ਬਾਅਦ ਦੁਕਾਨਦਾਰ ਦੁਕਾਨਾਂ ਬੰਦ ਕਰ ਕੇ ਘਰ ਚਲੇ ਗਏ।
ਜਿਵੇਂ ਹੀ ਬਾਜ਼ਾਰਾਂ ’ਚ ਪਤਾ ਲੱਗਾ ਕਿ ਜਾਅਲੀ ਮਾਰਕਾ ਲਾਉਣ ਵਾਲਿਆਂ ’ਤੇ ਸਖ਼ਤੀ ਹੋ ਰਹੀ ਹੈ ਤਾਂ ਕਈ ਫੈਕਟਰੀ ਮਾਲਕ ਵੀ ਫੈਕਟਰੀਆਂ ਬੰਦ ਕਰ ਕੇ ਚਲੇ ਗਏ। ਇਸ ਮਾਮਲੇ ’ਚ ਰਾਜਸਥਾਨ ਪੁਲੀਸ ਨੇ ਕਈ ਹੋਰ ਦੁਕਾਨਾਂ ’ਤੇ ਛਾਪੇ ਮਾਰੇ ਹਨ। ਅਕਾਲਗੜ੍ਹ ਮਾਰਕੀਟ ਤੇ ਗਾਂਧੀ ਨਗਰ ਮਾਰਕੀਟ ਸਣੇ ਹੋਰ ਕਈ ਦੁਕਾਨਦਾਰਾਂ ਨੇ ਵੀ ਮੌਕੇ ’ਤੇ ਦੁਕਾਨਾਂ ਬੰਦ ਕਰ ਦਿੱਤੀਆਂ ਸਨ।