ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 24 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਇੱਕ ਔਰਤ ਦੇ ਮਕਾਨ ਦਾ ਕਬਜ਼ਾ ਰੋਕਿਆ ਗਿਆ। ਜਾਣਕਾਰੀ ਅਨੁਸਾਰ ਕਬਜ਼ੇ ਦੇ ਵਿਰੋਧ ’ਚ ਕਿਸਾਨਾਂ ਨੇ ਮਕਾਨ ਅੱਗੇ ਰੋਸ ਧਰਨਾ ਦਿੱਤਾ ਅਤੇ ਐਲਾਨ ਕੀਤਾ ਕਿ ਗਰੀਬ ਔਰਤ ਦਾ ਮਕਾਨ ਕਿਸੇ ਵੀ ਹਾਲਤ ਵਿਚ ਖੁੱਸਣ ਨਹੀਂ ਦਿੱਤਾ ਜਾਵੇਗਾ। ਕਿਸਾਨਾਂ ਦੇ ਵਿਰੋਧ ਕਾਰਨ ਕੋਈ ਵੀ ਅਧਿਕਾਰੀ ਕਬਜ਼ੇ ਲਈ ਨਹੀਂ ਪੁੱਜਿਆ। ਵਾਰੰਟ ਕਬਜ਼ਾ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੰਗਰੂਰ ਬਲਾਕ ਇਕਾਈ ਦੇ ਪ੍ਰਧਾਨ ਜਰਨੈਲ ਸਿੰਘ ਦੀ ਅਗਵਾਈ ਹੇਠ ਕਿਸਾਨ ਵਾਰਡ ਨੰਬਰ 5 ’ਚ ਨੇੜੇ ਸ਼ਮਸ਼ਾਨ ਘਾਟ ਹਰੀਪੁਰਾ ਬਸਤੀ ਵਿਖੇ ਸਥਿਤ ਮਕਾਨ ਅੱਗੇ ਪੁੱਜ ਗਏ ਅਤੇ ਰੋਸ ਧਰਨਾ ਲਗਾ ਦਿੱਤਾ।
ਇਸ ਮੌਕੇ ਇਕਾਈ ਪ੍ਰਧਾਨ ਜਰਨੈਲ ਸਿੰਘ ਨੇ ਦੱਸਿਆ ਕਿ ਗਰੀਬ ਪਰਿਵਾਰ ਨਾਲ ਸਬੰਧਤ ਔਰਤ ਸ਼ਹਿਨਾਜ ਨੇ ਮਕਾਨ ਲਈ ਸਰਕਾਰੀ ਬੈਂਕ ਤੋਂ 13 ਲੱਖ ਰੁਪਏ ਕਰਜ਼ਾ ਲਿਆ ਸੀ ਜਿਸ ਵਿਚੋਂ ਕਰੀਬ ਸਾਢੇ ਚਾਰ ਲੱਖ ਭਰ ਦਿੱਤਾ। ਉਸ ਤੋਂ ਬਾਅਦ ਪਰਿਵਾਰ ਦਾ ਕੰਮਕਾਰ ਖਤਮ ਹੋਣ ਕਾਰਨ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਭਰ ਸਕਿਆ। ਉਨ੍ਹਾਂ ਦੱਸਿਆ ਕਿ ਬੈਂਕ ਦਾ ਕਰਜ਼ਾ ਹਾਲੇ ਵੀ 18 ਲੱਖ ਬਕਾਇਆ ਹੈ। ਉਨ੍ਹਾਂ ਕਿਹਾ ਕਿ ਬੈਂਕ ਵਲੋਂ ਕੇਸ ਕਰਕੇ ਮਕਾਨ ਦਾ ਵਾਰੰਟ ਕਬਜ਼ਾ ਲਿਆ ਜਾ ਰਿਹਾ ਹੈ ਜਿਸ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਕਿਸਾਨ ਮਕਾਨ ਅੱਗੇ ਰੋਸ ਧਰਨੇ ’ਤੇ ਡਟੇ ਰਹੇ ਅਤੇ ਕਿਸਾਨਾਂ ਦੇ ਵਿਰੋਧ ਕਾਰਨ ਕੋਈ ਵੀ ਅਧਿਕਾਰੀ ਵਾਰੰਟ ਕਬਜ਼ਾ ਲੈਣ ਲਈ ਨਹੀ ਪੁੱਜਿਆ। ਇਸ ਮੌਕੇ ਯੂਨੀਅਨ ਦੇ ਬਲਾਕ ਆਗੂ ਹਾਕਮ ਸਿੰਘ ਖੇੜੀ, ਕਰਮਜੀਤ ਸਿੰਘ ਮੰਡੇਰ, ਜਗਸੀਰ ਸਿੰਘ ਆਦਿ ਮੌਜੂਦ ਸਨ।