ਨਵੀਂ ਦਿੱਲੀ, 24 ਜੁਲਾਈ
ਭਾਰਤ ਦੀ ਜੂਬੀ ਜੋਸ ਨੇ ਹਾਲ ਹੀ ’ਚ ਅਮਰੀਕਾ ਦੇ ਕਲੀਵਲੈਂਡ ’ਚ ਹੋਈਆਂ ਪੈਨ ਅਮੈਰਿਕਨ ਮਾਸਟਰਜ਼ ਖੇਡਾਂ ’ਚ ਮਹਿਲਾ 100 ਮੀਟਰ ਡੈਸ਼ ਮੁਕਾਬਲੇ ’ਚ ਚਾਂਦੀ ਇੱਕ ਤਗ਼ਮੇ ਸਣੇ ਕੁੱਲ ਤਿੰਨ ਤਗ਼ਮੇ ਜਿੱਤੇ ਹਨ। ਕੇਰਲ ਦੇ ਪਲੱਕੜ ਦੀ ਰਹਿਣ ਵਾਲੀ ਜੂਬੀ ਜੋਸ (42) ਨੇ 40-44 ਸਾਲ ਵਰਗ ’ਚ 100 ਮੀਟਰ ਡੈਸ਼ ਦੌੜ ’ਚ 15.02 ਸਕਿੰਟਾਂ ਦਾ ਸਮਾਂ ਕੱਢਦਿਆਂ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ। ਵੈਨਜ਼ੁਏਲਾ ਦੀ ਜ਼ਿਓਰੇਲਿਸ ਪਿਨੈਰੋ ਬਰੈਟੋ ਨੇ 14.56 ਸਕਿੰਟਾਂ ਦੇ ਸਮੇਂ ਨਾਲ ਦੌੜ ਪੂਰੀ ਕਰਦਿਆਂ ਸੋਨ ਤਗ਼ਮਾ ਜਿੱਤਿਆ। ਪੇੇਸ਼ੇ ਵਜੋਂ ਦੰਦਸਾਜ਼ ਤੋ ਦੋ ਬੱਚਿਆਂ ਦੀ ਮਾਂ ਜੂਬੀ ਜੋਸ ਨੇ 40-44 ਸਾਲ ਵਰਗ ਦੇ 200 ਮੀਟਰ ਤੇ 400 ਮੀਟਰ ਡੈਸ਼ ਈਵੈਂਟਾਂ ’ਚ ਵੀ ਕਾਂਸੇ ਦੇ ਤਗ਼ਮੇ ਜਿੱਤੇ। ਇਨ੍ਹਾਂ ਗੇਮਾਂ ’ਚ ਇਹ ਉਪਲਬਧੀ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਅਥਲੀਟ ਬਣ ਗਈ ਹੈ। ਪੈਨ ਅਮੈਰਿਕਨ ਮਾਸਟਰਜ਼ ਖੇਡਾਂ ’ਚ 48 ਦੇਸ਼ਾਂ ਦੇ ਅਥਲੀਟਾਂ ਨੇ ਹਿੱਸਾ ਲਿਆ। ਇਨ੍ਹਾਂ ਖੇਡਾਂ ’ਚ 35 ਸਾਲ ਜਾਂ ਉਸ ਤੋਂ ਵੱਧ ਉਮਰ ਅਥਲੀਟ ਹਿੱਸਾ ਲੈ ਸਕਦੇ ਹਨ। -ਪੀਟੀਆਈ